

ਚੰਡੀਗੜ੍ਹ, 09 ਮਈ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸਿੰਚਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਰੋਪੜ ਨਹਿਰੀ ਨੈੱਟਵਰਕ ਦਾ ਪਾਣੀ ਹੁਣ ਟੇਲਾਂ ‘ਤੇ ਸਥਿਤ ਪਿੰਡਾਂ ਤੱਕ ਵੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਨੂੰ ਉਨ੍ਹਾਂ ਕਿਸਾਨਾਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਜੋ ਲੰਮੇ ਸਮੇਂ ਤੋਂ ਜ਼ਮੀਨ ਹੇਠਲੇ ਪਾਣੀ ‘ਤੇ ਨਿਰਭਰ ਰਹੇ ਹਨ।
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਾਲ 2025-26 ਦੌਰਾਨ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਚਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 3,882 ਏਕੜ ਹੋਰ ਰਕਬਾ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਨਾਲ ਕੁੱਲ ਸਿੰਚਾਈ ਖੇਤਰ 89,329 ਏਕੜ ਹੋ ਜਾਵੇਗਾ। ਇਹ ਲਗਭਗ 200 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਮਾਨ ਸਰਕਾਰ ਦੇ ਗਠਨ ਸਮੇਂ ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ ਸਿਰਫ਼ 26.5 ਫੀਸਦੀ ਸੀ। ਇਸ ਤੋਂ ਬਾਅਦ ਸਰਕਾਰ ਨੇ ਨਹਿਰਾਂ, ਡਿਸਟ੍ਰੀਬਿਊਟਰੀਆਂ ਅਤੇ ਖਾਲਿਆਂ ਦੀ ਵੱਡੇ ਪੱਧਰ ‘ਤੇ ਸਫਾਈ, ਮੁਰੰਮਤ ਅਤੇ ਮੁੜ ਬਹਾਲੀ ਦਾ ਕੰਮ ਸ਼ੁਰੂ ਕੀਤਾ। ਮੰਤਰੀ ਨੇ ਦੱਸਿਆ ਕਿ ਪੰਜਾਬ ਪਹਿਲਾਂ ਹੀ ਖੇਤਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੇ ਲਗਭਗ 78 ਫੀਸਦੀ ਟੀਚੇ ਤੱਕ ਪਹੁੰਚ ਚੁੱਕਾ ਹੈ। ਇਸ ਦਾ ਮੁੱਖ ਉਦੇਸ਼ ਝੋਨੇ ਦੀ ਬਿਜਾਈ ਦੇ ਮੌਸਮ ਦੌਰਾਨ ਹਰ ਕਿਸਾਨ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ।
ਲੁਧਿਆਣਾ ਅਤੇ ਮਾਲੇਰਕੋਟਲਾ ਦੇ ਕਈ ਪਿੰਡਾਂ ਜਿਵੇਂ ਰੁੜਕਾ, ਪੰਡੋਰੀ, ਜੰਗਪੁਰਾ, ਢੱਟ, ਢਲੇਰ ਕਲਾਂ, ਨੁੱਥੂਹੇੜੀ, ਮਨਖੇੜੀ ਅਤੇ ਹੋਰ ਖੇਤਰਾਂ ਵਿੱਚ ਕਰੀਬ 40 ਸਾਲਾਂ ਬਾਅਦ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਿਆ ਹੈ। ਇਸ ਨਾਲ ਕਿਸਾਨਾਂ ਵਿੱਚ ਨਵੀਂ ਉਮੀਦ ਜਾਗੀ ਹੈ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਆਇਆ ਹੈ। ਸ੍ਰੀ ਗੋਇਲ ਨੇ ਕਿਹਾ ਕਿ ਲਿਫ਼ਟ ਸਿੰਚਾਈ ਸਕੀਮਾਂ ਦੀ ਮੁੜ ਬਹਾਲੀ ਵੀ ਇਸ ਬਦਲਾਅ ਦਾ ਇੱਕ ਅਹਿਮ ਹਿੱਸਾ ਹੈ। ਸਮਲਾਹ, ਪਹਾੜਪੁਰ, ਲਾਖੇੜ ਅਤੇ ਮਿੱਧਵਾਂ ਵਰਗੇ ਪਿੰਡਾਂ ਵਿੱਚ ਰਾਈਜ਼ਰ ਅਤੇ ਸਟੋਰੇਜ ਟੈਂਕ ਬਣਾਏ ਗਏ ਹਨ, ਜਿਸ ਨਾਲ ਹੁਣ ਤੱਕ ਸਿੰਚਾਈ ਤੋਂ ਵਾਂਝੇ ਖੇਤਰਾਂ ਤੱਕ ਵੀ ਪਾਣੀ ਪਹੁੰਚ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ ਵੀ ਲਿਫ਼ਟ ਸਿੰਚਾਈ ਯੋਜਨਾਵਾਂ ਰਾਹੀਂ 3,882 ਏਕੜ ਹੋਰ ਜ਼ਮੀਨ ਨੂੰ ਨਹਿਰੀ ਸਿੰਚਾਈ ਹੇਠ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਦਹਾਕੇ ਤੋਂ ਬੰਦ ਪਈਆਂ ਲਿਫ਼ਟ ਸਿੰਚਾਈ ਪ੍ਰਣਾਲੀਆਂ ਨੂੰ ਵੀ ਮੁੜ ਚਾਲੂ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਦੇ ਸਾਂਝੇ ਯਤਨਾਂ ਨਾਲ ਪੁਰਾਣੀਆਂ ਪਾਈਪਲਾਈਨਾਂ, ਪੰਪਾਂ ਅਤੇ ਕੰਟਰੋਲ ਪੈਨਲਾਂ ਦੀ ਮੁਰੰਮਤ ਕਰਕੇ ਪੰਪ ਘਰ ਮੁੜ ਚਾਲੂ ਕੀਤੇ ਗਏ ਹਨ। ਨੰਗਲ ਤਹਿਸੀਲ ਵਿੱਚ ਲਗਭਗ 1,539 ਏਕੜ ਵਾਧੂ ਜ਼ਮੀਨ ਨੂੰ ਵੀ ਨਹਿਰੀ ਪਾਣੀ ਹੇਠ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਯਤਨ ਸਿਰਫ਼ ਅੰਕੜਿਆਂ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਟਿਕਾਊ ਖੇਤੀਬਾੜੀ, ਜ਼ਮੀਨ ਹੇਠਲੇ ਪਾਣੀ ‘ਤੇ ਨਿਰਭਰਤਾ ਘਟਾਉਣ ਅਤੇ ਖੇਤੀ ਉਤਪਾਦਕਤਾ ਵਧਾਉਣ ਵੱਲ ਵੱਡਾ ਕਦਮ ਹਨ। ਪੰਜਾਬ ਸਰਕਾਰ ਦੂਰ-ਦੁਰਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਕੇ ਕਿਸਾਨਾਂ ਦਾ ਭਰੋਸਾ ਮੁੜ ਬਹਾਲ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH