ਸ਼ੰਭੂ ਰੇਲਵੇ ਟਰੈਕ ਬੰਬ ਧਮਾਕਾ ਮਾਮਲਾ: ਐਨਆਈਏ ਨੇ ਜਾਂਚ ਸੰਭਾਲੀ, ਮੁੱਖ ਮੁਲਜ਼ਮ 8 ਦਿਨਾਂ ਦੇ ਰਿਮਾਂਡ ’ਤੇ
ਚੰਡੀਗੜ੍ਹ, 16 ਜੂਨ (ਹਿੰ.ਸ.)| ਸ਼ੰਭੂ-ਰਾਜਪੁਰਾ ਡੈਡੀਕੇਟਿਡ ਫ੍ਰੇਟ ਕੋਰੀਡੋਰ ਰੇਲਵੇ ਟਰੈਕ ''ਤੇ 27 ਅਪ੍ਰੈਲ 2026 ਨੂੰ ਹੋਏ ਬੰਬ ਧਮਾਕੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਐਨਆਈਏ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਗੁ
ਸ਼ੰਭੂ ਰੇਲਵੇ ਟਰੈਕ ਬੰਬ ਧਮਾਕਾ ਮਾਮਲਾ: ਐਨਆਈਏ ਨੇ ਜਾਂਚ ਸੰਭਾਲੀ, ਮੁੱਖ ਮੁਲਜ਼ਮ 8 ਦਿਨਾਂ ਦੇ ਰਿਮਾਂਡ ’ਤੇ


ਚੰਡੀਗੜ੍ਹ, 16 ਜੂਨ (ਹਿੰ.ਸ.)| ਸ਼ੰਭੂ-ਰਾਜਪੁਰਾ ਡੈਡੀਕੇਟਿਡ ਫ੍ਰੇਟ ਕੋਰੀਡੋਰ ਰੇਲਵੇ ਟਰੈਕ 'ਤੇ 27 ਅਪ੍ਰੈਲ 2026 ਨੂੰ ਹੋਏ ਬੰਬ ਧਮਾਕੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਐਨਆਈਏ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮ ਨੂੰ ਮੋਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਏਜੰਸੀ ਨੇ ਉਸ ਦੇ ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਦੀ ਜਾਂਚ ਲਈ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਗੁਰਜਿੰਦਰ ਸਿੰਘ ਨੂੰ 8 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ। ਐਨਆਈਏ ਅਨੁਸਾਰ ਮੁਲਜ਼ਮ ਦੇ ਪਾਕਿਸਤਾਨ, ਮਲੇਸ਼ੀਆ ਅਤੇ ਹੋਰ ਵਿਦੇਸ਼ੀ ਹੈਂਡਲਰਾਂ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।

ਜਾਂਚ ਏਜੰਸੀਆਂ ਮੁਤਾਬਕ ਮੁੱਖ ਮੁਲਜ਼ਮ ਜਗਰੂਪ ਸਿੰਘ ਉਰਫ਼ ਰੂਪਾ ਅਤੇ ਉਸ ਦਾ ਸਾਥੀ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਸ਼ੰਭੂ ਨੇੜੇ ਮਾਲਗੱਡੀ ਲਈ ਬਣੇ ਵਿਸ਼ੇਸ਼ ਫ੍ਰੇਟ ਕੋਰੀਡੋਰ ਰੇਲਵੇ ਟਰੈਕ 'ਤੇ ਆਈਈਡੀ ਬੰਬ ਲਗਾਉਣ ਪਹੁੰਚੇ ਸਨ। ਬੰਬ ਨੂੰ ਸਰਗਰਮ ਕਰਨ ਦੌਰਾਨ ਅਚਾਨਕ ਸਮੇਂ ਤੋਂ ਪਹਿਲਾਂ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਗਰੂਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੁਝ ਦੂਰੀ 'ਤੇ ਖੜ੍ਹਾ ਗੁਰਜਿੰਦਰ ਸਿੰਘ ਬਚ ਨਿਕਲਿਆ ਅਤੇ ਹਨੇਰੇ ਦਾ ਫਾਇਦਾ ਚੁੱਕਦਿਆਂ ਫਰਾਰ ਹੋ ਗਿਆ ਸੀ।

ਪੰਜਾਬ ਪੁਲਿਸ ਅਤੇ ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 7 ਨਵੰਬਰ 2025 ਨੂੰ ਮੋਗਾ ਸਥਿਤ ਸੀਆਈਏ ਸਟਾਫ ਦਫ਼ਤਰ 'ਤੇ ਹੋਏ ਹੈਂਡ ਗ੍ਰਨੇਡ ਹਮਲੇ, 23 ਜਨਵਰੀ 2026 ਨੂੰ ਸਰਹਿੰਦ ਨੇੜੇ ਰੇਲਵੇ ਟਰੈਕ 'ਤੇ ਹੋਏ ਆਈਈਡੀ ਧਮਾਕੇ ਅਤੇ 27 ਅਪ੍ਰੈਲ 2026 ਦੇ ਸ਼ੰਭੂ ਧਮਾਕੇ ਪਿੱਛੇ ਇੱਕੋ ਮਾਡਿਊਲ ਸਰਗਰਮ ਸੀ।

ਗੁਰਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ, ਸਤਨਾਮ ਅਤੇ ਗੁਰਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਨੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਬਰਾਮਦਗੀ ਵਿੱਚ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ), ਹੈਂਡ ਗ੍ਰਨੇਡ, ਆਈਈਡੀ ਅਤੇ ਵਿਦੇਸ਼ੀ ਬਣੀਆਂ ਆਧੁਨਿਕ ਪਿਸਤੌਲਾਂ ਸ਼ਾਮਲ ਹਨ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਹਥਿਆਰ ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਭੇਜੇ ਗਏ ਸਨ। ਐਨਆਈਏ ਹੁਣ ਇਸ ਮਾਡਿਊਲ ਦੇ ਅੰਤਰਰਾਸ਼ਟਰੀ ਨੈੱਟਵਰਕ ਅਤੇ ਹੋਰ ਸਾਥੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande