
ਚੰਡੀਗੜ੍ਹ, 17 ਜੂਨ (ਹਿੰ.ਸ.)| ਚੰਡੀਗੜ੍ਹ ਪ੍ਰਸ਼ਾਸਨ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ 18 ਜੂਨ (ਵੀਰਵਾਰ) ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਵੱਲੋਂ ਬੁੱਧਵਾਰ ਨੂੰ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਲ 2026 ਦੇ ਛੁੱਟੀਆਂ ਦੇ ਕੈਲੰਡਰ ਵਿੱਚ ਇਸ ਦਿਨ ਨੂੰ ਪ੍ਰਤੀਬੰਧਿਤ ਛੁੱਟੀ (ਰਿਸਟ੍ਰਿਕਟਿਡ ਹਾਲੀਡੇ) ਵਜੋਂ ਦਰਜ ਕੀਤਾ ਗਿਆ ਸੀ। ਹੁਣ ਪਹਿਲਾਂ ਜਾਰੀ ਹੁਕਮਾਂ ਵਿੱਚ ਅੰਸ਼ਕ ਸੋਧ ਕਰਦਿਆਂ ਇਸ ਨੂੰ ਪੂਰਨ ਜਨਤਕ ਛੁੱਟੀ ਐਲਾਨ ਦਿੱਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 18 ਜੂਨ ਨੂੰ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨ, ਸਰਕਾਰੀ ਸੰਸਥਾਵਾਂ ਅਤੇ ਉਦਯੋਗਿਕ ਅਦਾਰੇ ਬੰਦ ਰਹਿਣਗੇ। ਇਹ ਹੁਕਮ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਦੀਪਰਵਾ ਲਾਕੜਾ ਵੱਲੋਂ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਨੇ ਸਾਰੇ ਵਿਭਾਗਾਂ ਨੂੰ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਕੌਮ ਵੱਲੋਂ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਵਾਨ, ਕੀਰਤਨ ਦਰਬਾਰ ਅਤੇ ਛਬੀਲਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH