ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਦੋ ਕਿਲੋਗ੍ਰਾਮ ਦੇ ਨਵਜੰਮੇ ਬੱਚੇ ਦੀ ਦੁਰਲੱਭ ਫੇਫੜਾ ਸਰਜਰੀ ਸਫਲ
ਅੰਮ੍ਰਿਤਸਰ, 17 ਜੂਨ (ਹਿੰ.ਸ.)| ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਅੰਮ੍ਰਿਤਸਰ, ਗੁਰੂ ਨਾਨਕ ਦੇਵ ਹਸਪਤਾਲ ਅਤੇ ਬੀਬੇ ਨਾਨਕੀ ਮਾਤਾ ਅਤੇ ਬਾਲ ਸਿਹਤ ਸੰਭਾਲ ਹਸਪਤਾਲ ਨੇ ਬਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤਾ ਹੈ। ਹਸਪਤਾਲ ਦੇ ਡਾਕਟਰਾਂ ਨੇ ਕਈ ਦੁਰਲੱਭ ਜਨਮਜਾਤ
ਬੱਚੀ ਨਾਲ ਡਾਕਟਰਾਂ ਦੀ ਟੀਮ।


ਅੰਮ੍ਰਿਤਸਰ, 17 ਜੂਨ (ਹਿੰ.ਸ.)| ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਅੰਮ੍ਰਿਤਸਰ, ਗੁਰੂ ਨਾਨਕ ਦੇਵ ਹਸਪਤਾਲ ਅਤੇ ਬੀਬੇ ਨਾਨਕੀ ਮਾਤਾ ਅਤੇ ਬਾਲ ਸਿਹਤ ਸੰਭਾਲ ਹਸਪਤਾਲ ਨੇ ਬਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤਾ ਹੈ। ਹਸਪਤਾਲ ਦੇ ਡਾਕਟਰਾਂ ਨੇ ਕਈ ਦੁਰਲੱਭ ਜਨਮਜਾਤ ਖਾਮੀਆਂ ਨਾਲ ਪੀੜਤ ਸਿਰਫ਼ 2 ਕਿਲੋਗ੍ਰਾਮ ਵਜ਼ਨ ਵਾਲੇ ਨਵਜੰਮੇ ਬੱਚੇ ਦੀ ਬਹੁਤ ਹੀ ਗੁੰਝਲਦਾਰ ਫੇਫੜਿਆਂ ਦੀ ਸਰਜਰੀ ਸਫਲਤਾਪੂਰਵਕ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।

ਡਾਕਟਰਾਂ ਅਨੁਸਾਰ ਬੱਚਾ ਜਨਮ ਤੋਂ ਹੀ ਕੌਂਜੀਨਾਈਟਲ ਪਲਮਨਰੀ ਏਅਰਵੇ ਮੈਲਫਾਰਮੇਸ਼ਨ (ਸੀਪੀਏਐੱਮ), ਡੈਕਸਟ੍ਰੋਕਾਰਡੀਆ ਅਤੇ ਸਿਟਸ ਇਨਵਰਸਸ ਟੋਟਾਲਿਸ ਵਰਗੀਆਂ ਦੁਰਲੱਭ ਜਨਮਜਾਤ ਖਾਮੀਆਂ ਨਾਲ ਪੀੜਤ ਸੀ। ਗਰਭ ਅਵਸਥਾ ਦੌਰਾਨ ਕੀਤੀ ਗਈ ਅਲਟਰਾਸਾਊਂਡ ਜਾਂਚ ਵਿੱਚ ਹੀ ਇਨ੍ਹਾਂ ਖਾਮੀਆਂ ਦਾ ਪਤਾ ਲੱਗ ਗਿਆ ਸੀ, ਜਿਸ ਤੋਂ ਬਾਅਦ ਬਾਲ ਸਰਜਰੀ ਟੀਮ ਨੇ ਜਨਮ ਤੋਂ ਪਹਿਲਾਂ ਹੀ ਇਲਾਜ ਦੀ ਯੋਜਨਾ ਤਿਆਰ ਕਰ ਲਈ ਸੀ।

ਜਨਮ ਤੋਂ ਬਾਅਦ ਰੇਡੀਓਲੋਜੀਕਲ ਜਾਂਚਾਂ ਰਾਹੀਂ ਬਿਮਾਰੀ ਦੀ ਪੁਸ਼ਟੀ ਹੋਣ ਉਪਰੰਤ ਬੱਚੇ ਦੀ ‘ਰਾਈਟ ਮਿਡਲ ਲੋਬੈਕਟੋਮੀ’ ਨਾਮਕ ਜਟਿਲ ਥੋਰੇਸਿਕ ਸਰਜਰੀ ਕੀਤੀ ਗਈ। ਇਹ ਆਪਰੇਸ਼ਨ ਬਾਲ ਸਰਜਰੀ ਵਿਭਾਗ ਦੀ ਮੁਖੀ ਅਤੇ ਸਹਾਇਕ ਪ੍ਰੋਫੈਸਰ ਡਾ. ਸੁਰਿਸ਼ਟਾ ਕੇ. ਰਾਣਾ ਅਤੇ ਜੂਨੀਅਰ ਰੈਜ਼ੀਡੈਂਟ ਡਾ. ਅਕਸ਼ ਰਾਰਾ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਦੌਰਾਨ ਅਨੱਸਥੀਸੀਆ ਵਿਭਾਗ ਦੀ ਮੁਖੀ ਪ੍ਰੋ. ਡਾ. ਵੀਨਾ ਚਤਰਥ ਅਤੇ ਉਨ੍ਹਾਂ ਦੀ ਟੀਮ ਨੇ ਵੀ ਅਹਿਮ ਭੂਮਿਕਾ ਨਿਭਾਈ।

ਸਰਜਰੀ ਤੋਂ ਬਾਅਦ ਬੱਚੇ ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਆਇਆ। ਆਪਰੇਸ਼ਨ ਦੇ ਇੱਕ ਦਿਨ ਬਾਅਦ ਉਸ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ, ਜਦਕਿ ਦੂਜੇ ਦਿਨ ਛਾਤੀ ਦੀ ਟਿਊਬ ਕੱਢ ਦਿੱਤੀ ਗਈ। ਕੁਝ ਹੀ ਦਿਨਾਂ ਵਿੱਚ ਬੱਚੇ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਅਤੇ ਪੂਰੀ ਖੁਰਾਕ ਸਹਿਣ ਯੋਗ ਹੋ ਗਿਆ। 10 ਦਿਨਾਂ ਦੇ ਇਲਾਜ ਮਗਰੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਇਸ ਵੇਲੇ ਉਹ ਆਪਣੇ ਘਰ ਵਿੱਚ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਥਿਰ ਹੈ।

ਬੱਚੇ ਦੀ ਆਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਦੀ ਦੇਖਭਾਲ ਡਾ. ਨਿਰਮਲਜੀਤ ਕੌਰ ਅਤੇ ਡਾ. ਸੁਰਿਸ਼ਟਾ ਕੇ. ਰਾਣਾ ਦੀ ਨਿਗਰਾਨੀ ਹੇਠ ਕੀਤੀ ਗਈ। ਡਾ. ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਜਟਿਲ ਸਰਜਰੀਆਂ ਦੀ ਸਫਲਤਾ ਬਾਲ ਸਰਜਰੀ, ਬਾਲ ਰੋਗ, ਅਨੱਸਥੀਸੀਆ ਵਿਭਾਗ, ਆਪਰੇਸ਼ਨ ਥੀਏਟਰ ਅਤੇ ਨਰਸਿੰਗ ਸਟਾਫ਼ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ।

ਉਨ੍ਹਾਂ ਦੱਸਿਆ ਕਿ ਫਰਵਰੀ 2026 ਵਿੱਚ ਸ਼ੁਰੂ ਹੋਏ ਬਾਲ ਸਰਜਰੀ ਵਿਭਾਗ ਨੇ ਹੁਣ ਤੱਕ 330 ਤੋਂ ਵੱਧ ਬੱਚਿਆਂ ਨੂੰ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਹੈ, ਜਦਕਿ 70 ਤੋਂ ਵੱਧ ਜਟਿਲ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ। ਇਸ ਕਾਰਨ ਪੀਜੀਆਈਐੱਮਈਆਰ ਚੰਡੀਗੜ੍ਹ, ਜੀਐੱਮਸੀ ਫਰੀਦਕੋਟ ਅਤੇ ਏਮਜ਼ ਬਠਿੰਡਾ ਵਰਗੀਆਂ ਸੰਸਥਾਵਾਂ ਵੱਲ ਰੈਫਰ ਕੀਤੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande