
ਅੰਮ੍ਰਿਤਸਰ, 17 ਜੂਨ (ਹਿੰ.ਸ.)| ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਐੱਸ.ਆਈ.ਆਰ.-2026 (ਸਪੈਸ਼ਲ ਇੰਨਟੈਨਸ਼ਿਵ ਰਿਵੀਜ਼ਨ) ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ, ਟਾਊਨ ਹਾਲ, ਮਾਲ ਮੰਡੀ, ਅੰਮ੍ਰਿਤਸਰ ਵਿਖੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਅਤੇ ਸੁਪਰਵਾਈਜ਼ਰਾਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਆਯੋਜਿਤ ਕੀਤਾ ਗਿਆ।
ਇਸ ਸਿਖਲਾਈ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ 018-ਅੰਮ੍ਰਿਤਸਰ ਪੂਰਬੀ ਦੇ ਸੈਕਟਰ ਨੰਬਰ 1 ਤੋਂ 8 ਤੱਕ ਦੇ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਦੇ ਪਹਿਲੇ ਬੈਚ ਨੂੰ ਵਿਸ਼ੇਸ਼ ਤੌਰ `ਤੇ ਤਰਬੀਅਤ ਦਿੱਤੀ ਗਈ। ਸੈਸ਼ਨ ਵਿੱਚ ਹਿਤੇਸ਼ ਵੀਰ ਗੁਪਤਾ, ਪੀ.ਸੀ.ਐਸ., ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ, 018 ਅੰਮ੍ਰਿਤਸਰ ਪੂਰਬੀ ਅਤੇ ਆਰ.ਟੀ.ਓ. ਅੰਮ੍ਰਿਤਸਰ, ਕੇਵਲ ਕ੍ਰਿਸ਼ਨ, ਚੋਣ ਸੈੱਲ ਇੰਚਾਰਜ, ਅਤੇ ਜਸਪ੍ਰੀਤ ਸਿੰਘ, ਇੰਸਪੈਕਟਰ ਵਿਸ਼ੇਸ਼ ਤੌਰ `ਤੇ ਮੌਜੂਦ ਰਹੇ।ਸਿਖਲਾਈ ਦੌਰਾਨ ਵਿਧਾਨ ਸਭਾ ਪੱਧਰ ਦੇ ਮਾਸਟਰ ਟ੍ਰੇਨਰਾਂ ਜਰਮਨਜੀਤ ਸਿੰਘ (ਲੈਕਚਰਾਰ ਅਤੇ ਕੋਆਰਡੀਨੇਟਰ), ਪ੍ਰਭਜੋਤ ਸਿੰਘ ਸੀ.ਐਫ., ਮਨਿੰਦਰਪਾਲ ਸਿੰਘ ਸੀ.ਐਫ. ਅਤੇ ਕਵਲਜੀਤ ਸਿੰਘ ਸੀ.ਐਫ. ਵੱਲੋਂ ਬੀ.ਐਲ.ਓਜ਼ ਨੂੰ ਐਸ.ਆਈ.ਆਰ. ਪ੍ਰਕਿਰਿਆ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਲਈ ਵੋਟਰ ਸੂਚੀਆਂ ਦੀ ਸ਼ੁੱਧਤਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ-2026 ਦਾ ਮੁੱਖ ਉਦੇਸ਼ ਯੋਗ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ, ਅਯੋਗ ਇੰਦਰਾਜ਼ਾਂ ਨੂੰ ਹਟਾਉਣਾ ਅਤੇ ਵੋਟਰ ਸੂਚੀ ਨੂੰ ਅਪਡੇਟ ਰੱਖਣਾ ਹੈ। ਉਨ੍ਹਾਂ ਸਮੂਹ ਬੀ.ਐਲ.ਓਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਘਰ-ਘਰ ਸਰਵੇਖਣ ਦੌਰਾਨ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ।ਸਿਖਲਾਈ ਸੈਸ਼ਨ ਦੌਰਾਨ ਬੀ.ਐਲ.ਓਜ਼ ਦੀ ਸਮਝ ਨੂੰ ਹੋਰ ਮਜ਼ਬੂਤ ਕਰਨ ਲਈ ਸੰਕਲਪਿਕ ਚਰਚਾ, ਪ੍ਰਸ਼ਨ-ਉੱਤਰ ਸੈਸ਼ਨ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਰਾਹੀਂ ਐਸ.ਆਈ.ਆਰ. ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ਦੀ ਡੂੰਘਾਈ ਨਾਲ ਸਮਝ ਵਿਕਸਿਤ ਕੀਤੀ ਗਈ ਤਾਂ ਜੋ ਬੀ.ਐਲ.ਓਜ਼ ਨੂੰ ਆਉਣ ਵਾਲੇ ਘਰ-ਘਰ ਸਰਵੇਖਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਅਧਿਕਾਰੀਆਂ ਨੇ ਦੱਸਿਆ ਕਿ ਸਿਖਲਾਈ ਦਾ ਮੁੱਖ ਉਦੇਸ਼ ਬੀ.ਐਲ.ਓਜ਼ ਨੂੰ ਵਿਧਾਨ ਸਭਾ ਹਲਕਾ 018 ਅੰਮ੍ਰਿਤਸਰ ਪੂਰਬੀ ਵਿੱਚ ਹੋਣ ਵਾਲੇ ਐੱਸ.ਆਈ.ਆਰ. ਸਰਵੇਖਣ ਲਈ ਇੱਕ ਸਪੱਸ਼ਟ, ਵਿਵਸਥਿਤ ਅਤੇ ਵਿਸਤ੍ਰਿਤ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਹੈ, ਜਿਸ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।ਸਿਖਲਾਈ ਸੈਸ਼ਨ ਦੌਰਾਨ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਦਿਆਂ ਵੋਟਰ ਸੂਚੀ ਸੋਧ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦਾ ਸੰਕਲਪ ਵੀ ਲਿਆ।
ਹਿੰਦੂਸਥਾਨ ਸਮਾਚਾਰ / GURSHARAN SINGH