
ਮਾਨਸਾ, 17 ਜੂਨ (ਹਿੰ.ਸ.)| ਮਾਨਸਾ ਦੇ ਬੁਢਲਾਡਾ ਇਲਾਕੇ ਵਿੱਚ ਇੱਕ 29 ਸਾਲਾ ਨੌਜਵਾਨ ਦਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਸਵੇਰੇ ਸਬਜ਼ੀ ਮੰਡੀ ਜਾਣ ਲਈ ਘਰੋਂ ਨਿਕਲਿਆ ਸੀ, ਪਰ ਰਸਤੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਰਾਜਦੀਪ ਸਿੰਘ (29) ਵਜੋਂ ਹੋਈ ਹੈ, ਜੋ ਪਿੰਡ ਦਰਿਆਪੁਰ ਖੁਰਦ ਦਾ ਰਹਿਣ ਵਾਲਾ ਸੀ ਅਤੇ ਬੁਢਲਾਡਾ ਸਬਜ਼ੀ ਮੰਡੀ ਵਿੱਚ ਮੁਨੀਮ ਵਜੋਂ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 4:30 ਵਜੇ ਸਬਜ਼ੀ ਮੰਡੀ ਲਈ ਘਰੋਂ ਨਿਕਲਿਆ ਸੀ, ਪਰ ਉਹ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਿਆ।
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਘਰ ਤੋਂ ਕਰੀਬ 15 ਮਿੰਟ ਦੀ ਦੂਰੀ 'ਤੇ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ਨੂੰ ਰੋਕ ਲਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਪਹਿਲਾਂ ਉਸ ਨੂੰ ਸਕੂਟੀ ਤੋਂ ਹੇਠਾਂ ਸੁੱਟਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਗਰਦਨ 'ਤੇ ਵੀ ਗੰਭੀਰ ਵਾਰ ਕੀਤੇ ਗਏ ਅਤੇ ਸਰੀਰ ਦੇ ਕਈ ਹੋਰ ਹਿੱਸਿਆਂ 'ਤੇ ਵੀ ਸੱਟਾਂ ਮਾਰੀਆਂ ਗਈਆਂ।
ਸਵੇਰੇ ਦਰਿਆਪੁਰ ਅਤੇ ਕੁਲਾਣਾ ਦੇ ਵਿਚਕਾਰ ਰੇਲਵੇ ਫਾਟਕ ਨੇੜੇ ਲੋਕਾਂ ਨੇ ਸੜਕ 'ਤੇ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖੀ। ਘਟਨਾ ਸਥਾਨ 'ਤੇ ਖੂਨ ਦੇ ਨਾਲ ਮਾਸ ਦੇ ਟੁਕੜੇ ਵੀ ਖਿਲਰੇ ਹੋਏ ਮਿਲੇ। ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਦੀ ਪਛਾਣ ਕੀਤੀ। ਰਾਜਦੀਪ ਸਿੰਘ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਸਮੇਤ ਦੋ ਬੱਚੇ ਛੱਡ ਗਿਆ ਹੈ। ਇਸ ਘਟਨਾ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਮਾਤਾ ਜਸਬੀਰ ਕੌਰ ਨੇ ਕੁਝ ਗੁਆਂਢੀ ਵਿਅਕਤੀਆਂ 'ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪਿੰਡ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਉੱਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਸਨ, ਜਿਸ ਕਾਰਨ ਪਰਿਵਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH