
ਸ੍ਰੀ ਮੁਕਤਸਰ ਸਾਹਿਬ, 18 ਜੂਨ (ਹਿੰ.ਸ.)। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 21 ਜੂਨ 2026 ਦਿਨ ਐਤਵਾਰ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸਬੰਧੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਪੀ.ਐਮ. ਸ੍ਰੀ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ 21 ਜੂਨ 2026 ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਡੈਵੀ ਗੋਇਲ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਸੈਕਟਰ ਅਫ਼ਸਰ ਅਤੇ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 21 ਜੂਨ 2026 ਨੂੰ ਹੋਣ ਵਾਲੀ ਨੀਟ ਪ੍ਰੀਖਿਆ ਦੇ ਸਬੰਧ ਵਿੱਚ ਮਿਤੀ 20 ਜੂਨ, 21 ਜੂਨ ਅਤੇ 22 ਜੂਨ 2026 ਨੂੰ ਵਿਦਿਆਰਥੀਆਂ ਸਮੇਤ ਇੱਕ ਅਟੈਂਡੰਟ ਨੂੰ ਪ੍ਰੀਖਿਆ ਕੇਂਦਰਾਂ ਤੱਕ ਜਾਣ ਅਤੇ ਵਾਪਿਸ ਆਉਣ ਲਈ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਸਧਾਰਨ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਦੇਖਣ ਉਪਰੰਤ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਪ੍ਰੀਖਿਆ ਕੇਂਦਰ ਵਿੱਚ ਸਾਫ਼-ਸਫ਼ਾਈ, ਸੈਂਟਰਾਂ ਵਿਖੇ ਤਜਰਬੇਕਾਰ ਸਟਾਫ, ਪੀਣ ਵਾਲੇ ਸਾਫ਼ ਪਾਣੀ, ਬਿਜਲੀ ਆਦਿ ਦੇ ਪ੍ਰਬੰਧਾਂ, ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧ, ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਪਲਾਨ ਤਿਆਰ ਕਰਨ, ਬਿਜਲੀ ਵਿਭਾਗ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ, ਸਿਵਲ ਸਰਜਨ ਦਫ਼ਤਰ ਨੂੰ ਮੈਡੀਕਲ ਟੀਮ ਤਾਇਨਾਤ ਕਰਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਉਨ੍ਹਾਂ ਨਾਲ ਸਬੰਧਤ ਕੰਮਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਨੀਟ ਦੀ ਪ੍ਰੀਖਿਆ ਪੂਰੀ ਪਾਰਦਰਸ਼ਤਾ ਅਤੇ ਸੁਖਾਵੇਂ ਮਾਹੌਲ ਵਿੱਚ ਹੋਵੇ, ਇਸ ਲਈ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਪੋ ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡੈਵੀ ਗੋਇਲ, ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਗੁਰਕਿਰਨ ਦੀਪ ਸਿੰਘ, ਉਪ-ਮੰਡਲ ਮੈਜਿਸਟ੍ਰੇਟ ਮਲੋਟ ਪੰਕਜ ਕੁਮਾਰ, ਉਪ-ਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਅਰਵਿੰਦਰ ਪਾਲ ਸਿੰਘ, ਸਿਵਲ ਸਰਜਨ ਡਾ. ਸੁਨੀਲ ਬਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ, ਪ੍ਰਿੰਸੀਪਲ ਦੀਪਕ ਬਾਂਸਲ, ਨਾਇਬ ਤਹਿਸੀਲਦਾਰ ਅੰਜੂ ਬਾਲਾ, ਨਾਇਬ ਤਹਿਸੀਲਦਾਰ ਬਲਜੀਤ ਸਿੰਘ, ਸੈਂਟਰ ਸੁਪਰੰਡਟ (ਨੀਟ) ਪਰਵਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ