
ਜ਼ੀਰਕਪੁਰ , 18 ਜੂਨ (ਹਿੰ.ਸ.)| ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵੱਲੋਂ ਢਕੋਲੀ ਖੇਤਰ ਵਿੱਚ ਡਾਇਰੀਆ ਦੀ ਜਾਂਚ ਅਤੇ ਨਿਗਰਾਨੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਬਲਾਕ ਰੈਪਿਡ ਰਿਸਪਾਂਸ ਟੀਮ ਵੱਲੋਂ ਦਸ਼ਮੇਸ਼ ਐਨਕਲੇਵ ਅਤੇ ਕ੍ਰਿਸ਼ਨਾ ਐਨਕਲੇਵ ਖੇਤਰਾਂ ਦਾ ਦੌਰਾ ਕਰਕੇ ਘਰ-ਘਰ ਸਰਵੇਖਣ ਕੀਤਾ ਗਿਆ।
ਦਸ਼ਮੇਸ਼ ਐਨਕਲੇਵ ਵਿੱਚ ਕੁੱਲ 120 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਡਾਇਰੀਆ ਦੇ 3 ਮਾਮਲੇ ਸਾਹਮਣੇ ਆਏ, ਜੋ ਕਿ ਗੰਭੀਰ ਨਹੀਂ ਸਨ। ਪ੍ਰਭਾਵਿਤ ਪਰਿਵਾਰਾਂ ਨੂੰ ਲੋੜੀਂਦੀ ਸਿਹਤ ਸਲਾਹ ਦਿੱਤੀ ਗਈ ਅਤੇ ਓ.ਆਰ.ਐਸ. ਦੇ ਘੋਲ ਦੀ ਵਰਤੋਂ, ਸੁਰੱਖਿਅਤ ਪੀਣ ਵਾਲੇ ਪਾਣੀ, ਹੱਥਾਂ ਦੀ ਸਫ਼ਾਈ ਅਤੇ ਸਵੱਛਤਾ ਸਬੰਧੀ ਜਾਗਰੂਕ ਕੀਤਾ ਗਿਆ। ਸਿਹਤ ਟੀਮਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ 50 ਓ.ਆਰ.ਐਸ. ਪੈਕਟ ਅਤੇ 250 ਕਲੋਰੀਨ ਗੋਲੀਆਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ 4 ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ।
ਕ੍ਰਿਸ਼ਨਾ ਐਨਕਲੇਵ ਵਿੱਚ 90 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿੱਥੇ ਡਾਇਰੀਆ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਟੀਮ ਵੱਲੋਂ 50 ਓ.ਆਰ.ਐਸ. ਪੈਕਟ ਅਤੇ 200 ਕਲੋਰੀਨ ਗੋਲੀਆਂ ਵੰਡੀਆਂ ਗਈਆਂ ਅਤੇ ਪਾਣੀ ਦੇ 3 ਨਮੂਨੇ ਜਾਂਚ ਲਈ ਇਕੱਠੇ ਕੀਤੇ ਗਏ। ਇਸ ਦੇ ਨਾਲ-ਨਾਲ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
ਦੋਵਾਂ ਇਲਾਕਿਆਂ ਵਿੱਚ ਸਿਹਤ ਟੀਮਾਂ ਵੱਲੋਂ ਲੋਕਾਂ ਨੂੰ ਹੱਥਾਂ ਨੂੰ ਸਹੀ ਢੰਗ ਨਾਲ ਧੋਣ, ਭੋਜਨ ਦੀ ਸੁਰੱਖਿਅਤ ਸੰਭਾਲ, ਸਾਫ਼ ਪੀਣ ਵਾਲੇ ਪਾਣੀ ਦੀ ਵਰਤੋਂ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਦਸਤਾਂ ਅਤੇ ਹੋਰ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਵਿੱਚ ਡਾਇਰੀਆ ਜਾਂ ਪਾਣੀ ਰਾਹੀਂ ਫੈਲਣ ਵਾਲੀ ਕਿਸੇ ਹੋਰ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਸਿਰਫ਼ ਕੁਝ ਗੈਰ-ਗੰਭੀਰ ਮਾਮਲੇ ਹੀ ਸਾਹਮਣੇ ਆਏ ਹਨ ਅਤੇ ਕਿਸੇ ਵੀ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਨਹੀਂ ਪਈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਨਿਯਮਤ ਫੀਲਡ ਦੌਰਿਆਂ, ਪਾਣੀ ਦੀ ਗੁਣਵੱਤਾ ਦੀ ਜਾਂਚ, ਜਾਗਰੂਕਤਾ ਮੁਹਿੰਮਾਂ ਅਤੇ ਸਿਹਤ ਟੀਮਾਂ ਦੀ ਤੁਰੰਤ ਕਾਰਵਾਈ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH