
ਚੰਡੀਗੜ੍ਹ, 18 ਜੂਨ (ਹਿੰ.ਸ.)| ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਅਤੇ ਰਿਹੈਬਿਲੀਟੇਸ਼ਨ ਕੇਂਦਰਾਂ ਵਿੱਚ ਸਥਾਪਤ ਕੀਤੀਆਂ ਗਈਆਂ ਲਾਇਬ੍ਰੇਰੀਆਂ ਨਸ਼ੇ ਦੀ ਲਤ ਤੋਂ ਉਭਰ ਰਹੇ ਲੋਕਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਈਆਂ ਹਨ। ਇਹ ਲਾਇਬ੍ਰੇਰੀਆਂ ਨਾ ਸਿਰਫ਼ ਮਰੀਜ਼ਾਂ ਨੂੰ ਨਸ਼ੇ ਦੀ ਤਲਬ ਤੋਂ ਦੂਰ ਰੱਖਣ ਵਿੱਚ ਮਦਦ ਕਰ ਰਹੀਆਂ ਹਨ, ਸਗੋਂ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣ ਅਤੇ ਜੀਵਨ ਪ੍ਰਤੀ ਸਕਾਰਾਤਮਕ ਸੋਚ ਵਿਕਸਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਪੰਜਾਬ ਦੇ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਤਹਿਤ ਸਥਾਪਤ ਅਤੇ ਵਿਕਸਤ ਕੀਤੀਆਂ ਗਈਆਂ ਇਨ੍ਹਾਂ ਲਾਇਬ੍ਰੇਰੀਆਂ ਨੂੰ ਨੌਜਵਾਨ ਫੈਲੋਜ਼ ਦਾ ਸਹਿਯੋਗ ਮਿਲ ਰਿਹਾ ਹੈ। ਹੁਣ ਤੱਕ 10 ਜ਼ਿਲ੍ਹਿਆਂ ਦੇ ਸਰਕਾਰੀ ਨਸ਼ਾ ਮੁਕਤੀ ਅਤੇ ਰਿਹੈਬਿਲੀਟੇਸ਼ਨ ਕੇਂਦਰਾਂ ਵਿੱਚ ਇਹ ਪਹਿਲ ਸਫਲਤਾਪੂਰਵਕ ਲਾਗੂ ਕੀਤੀ ਜਾ ਚੁੱਕੀ ਹੈ, ਜਦਕਿ ਸਾਲ ਦੇ ਅੰਤ ਤੱਕ 80 ਫੀਸਦੀ ਤੋਂ ਵੱਧ ਕੇਂਦਰਾਂ ਤੱਕ ਇਸ ਦਾ ਵਿਸਥਾਰ ਕਰਨ ਦੀ ਯੋਜਨਾ ਹੈ।
ਧਾਰਮਿਕ ਗ੍ਰੰਥਾਂ, ਸਿੱਖ ਇਤਿਹਾਸ, ਸਾਹਿਤ, ਕਵਿਤਾ, ਜੀਵਨੀਆਂ, ਪੰਜਾਬੀ ਸੱਭਿਆਚਾਰ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਕਿਤਾਬਾਂ ਨਾਲ ਭਰਪੂਰ ਇਹ ਲਾਇਬ੍ਰੇਰੀਆਂ ਮਰੀਜ਼ਾਂ ਨੂੰ ਆਤਮ-ਚਿੰਤਨ ਅਤੇ ਗਿਆਨ ਨਾਲ ਜੋੜ ਰਹੀਆਂ ਹਨ। ਕਾਊਂਸਲਰਾਂ ਦਾ ਮੰਨਣਾ ਹੈ ਕਿ ਪੜ੍ਹਨ ਦੀ ਆਦਤ ਮਰੀਜ਼ਾਂ ਦਾ ਧਿਆਨ ਨਸ਼ੇ ਦੀ ਤਲਬ ਤੋਂ ਹਟਾ ਕੇ ਉਨ੍ਹਾਂ ਨੂੰ ਇੱਕ ਸਿਹਤਮੰਦ ਅਤੇ ਸਕਾਰਾਤਮਕ ਰੁਟੀਨ ਵੱਲ ਲੈ ਜਾਂਦੀ ਹੈ।
ਬਠਿੰਡਾ ਦੇ ਸਰਕਾਰੀ ਨਸ਼ਾ ਮੁਕਤੀ ਅਤੇ ਰਿਹੈਬਿਲੀਟੇਸ਼ਨ ਕੇਂਦਰ ਵਿੱਚ ਕਾਊਂਸਲਰ ਸੋਮਾ ਨੇ ਦੱਸਿਆ ਕਿ ਲਾਇਬ੍ਰੇਰੀ ਦੀ ਸਥਾਪਨਾ ਤੋਂ ਬਾਅਦ ਮਰੀਜ਼ਾਂ ਦੇ ਵਿਹਾਰ ਵਿੱਚ ਸਪੱਸ਼ਟ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਹਾਣੀਆਂ, ਕਵਿਤਾਵਾਂ ਅਤੇ ਸਵੈ-ਜੀਵਨੀਆਂ ਪੜ੍ਹਦੇ ਹੋਏ ਮਰੀਜ਼ ਆਪਣੀਆਂ ਸਮੱਸਿਆਵਾਂ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਲੈਂਦੇ ਹਨ। ਪੜ੍ਹਨ ਨਾਲ ਉਹ ਸ਼ਾਂਤ ਅਤੇ ਕੇਂਦਰਿਤ ਰਹਿੰਦੇ ਹਨ ਅਤੇ ਰਿਕਵਰੀ ਸਬੰਧੀ ਗਤੀਵਿਧੀਆਂ ਵਿੱਚ ਵਧੇਰੇ ਸਰਗਰਮੀ ਨਾਲ ਹਿੱਸਾ ਲੈਂਦੇ ਹਨ।
ਹੁਸ਼ਿਆਰਪੁਰ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਕਲੀਨਿਕਲ ਮਨੋਵਿਗਿਆਨੀ ਸੰਦੀਪ ਕੁਮਾਰੀ ਨੇ ਦੱਸਿਆ ਕਿ 2016 ਵਿੱਚ ਸ਼ੁਰੂ ਕੀਤੀ ਗਈ ਛੋਟੀ ਜਿਹੀ ਲਾਇਬ੍ਰੇਰੀ ਅੱਜ ਕਈ ਮਰੀਜ਼ਾਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ। ਉਨ੍ਹਾਂ ਮੁਤਾਬਕ ਪ੍ਰੇਰਣਾਦਾਇਕ ਕਿਤਾਬਾਂ ਅਤੇ ਜੀਵਨੀਆਂ ਪੜ੍ਹ ਕੇ ਕਈ ਲੋਕਾਂ ਨੇ ਨਸ਼ੇ ਤੋਂ ਦੂਰ ਰਹਿਣ ਅਤੇ ਜੀਵਨ ਵਿੱਚ ਨਵੇਂ ਟੀਚੇ ਤੈਅ ਕਰਨ ਦੀ ਹਿੰਮਤ ਹਾਸਲ ਕੀਤੀ ਹੈ।
ਇਲਾਜ ਅਧੀਨ ਮਰੀਜ਼ਾਂ ਦਾ ਵੀ ਕਹਿਣਾ ਹੈ ਕਿ ਕਿਤਾਬਾਂ ਉਨ੍ਹਾਂ ਲਈ ਹੌਂਸਲੇ ਅਤੇ ਆਤਮ-ਵਿਸ਼ਵਾਸ ਦਾ ਸਾਧਨ ਬਣੀਆਂ ਹਨ। ਸਿੱਖ ਇਤਿਹਾਸ, ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਅਤੇ ਪ੍ਰੇਰਣਾਦਾਇਕ ਸਾਹਿਤ ਉਨ੍ਹਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸ ਤਰ੍ਹਾਂ ਲਾਇਬ੍ਰੇਰੀਆਂ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਜਿਕ ਅਤੇ ਮਨੋਵਿਗਿਆਨਕ ਸਾਧਨ ਵਜੋਂ ਉੱਭਰ ਰਹੀਆਂ ਹਨ, ਜੋ ਅਨੇਕਾਂ ਲੋਕਾਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH