
ਚੰਡੀਗੜ੍ਹ, 18 ਜੂਨ (ਹਿੰ.ਸ.)। ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿੱਥੇ ਐਫਐਸਐਲ ਰਿਪੋਰਟ ਦੇ ਆਧਾਰ 'ਤੇ ਮੁੱਖ ਮੰਤਰੀ ਦੇ ਵਿਵਾਦਤ ਵਾਇਰਲ ਵੀਡੀਓ ਨੂੰ ਪ੍ਰਮਾਣਿਕ ਹੋਣ ਦੀ ਪੁਸ਼ਟੀ ਕੀਤੀ, ਉੱਥੇ ਹੀ ਵੀਰਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੋ ਲੈਬ ਰਿਪੋਰਟਾਂ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਵਿਵਾਦਤ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਤਸਵੀਰ ਸਾਹਮਣੇ ਸ਼ਰਾਬ ਪੀਤੀ ਅਤੇ ਉਸ ਉੱਪਰ ਛਿੱਟੇ ਮਾਰੇ। ਇਸ ਦੀ ਕਥਿਤ ਤੌਰ 'ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਅਕਾਲ ਤਖ਼ਤ ਨੇ ਇਸ ਘਟਨਾ ਦੀ ਜਾਂਚ ਕੀਤੀ, ਇਸਨੂੰ ਸਹੀ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੂੰ ਗੁਰੂ-ਦੋਖ਼ੀ ਅਤੇ ਪੰਥ ਵਿਰੋਧੀ ਕਰਾਰ ਦਿੱਤਾ।
ਅਕਾਲ ਤਖ਼ਤ ਨੇ ਮੁੱਖ ਮੰਤਰੀ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ 29 ਜੂਨ ਨੂੰ ਤਲਬ ਕੀਤਾ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਰਿਪੋਰਟਾਂ ਵਿੱਚ ਮੁੱਖ ਮੰਤਰੀ ਦੇ ਸਰੀਰ ਦਾ ਕੁੱਲ 1,191 ਵੱਖ-ਵੱਖ ਐਂਗਲ ਤੋਂ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਚਿਹਰੇ, ਕੱਦ-ਕਾਠੀ ਅਤੇ ਚਾਲ-ਢਾਲ ਦਾ ਅਧਿਐਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪ੍ਰਯੋਗਸ਼ਾਲਾਵਾਂ ਸੁਤੰਤਰ ਹਨ, ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ, ਅਤੇ ਪੰਜਾਬ ਤੋਂ ਬਾਹਰ ਸਥਿਤ ਹਨ। 'ਆਪ' ਆਗੂਆਂ ਦੇ ਅਨੁਸਾਰ, ਰਿਪੋਰਟ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹਨ, ਸਗੋਂ ਕਿਸੇ ਅਦਾਕਾਰ ਦੀ ਵਰਤੋਂ ਕਰਕੇ ਵੀਡਿਓ ਤਿਆਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਇਸ ਮਾਮਲੇ ਸਬੰਧੀ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਨਾਲ ਵੀ ਮੁਲਾਕਾਤ ਕਰੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਸੁਖਬੀਰ ਬਾਦਲ ਐਂਡ ਕੰਪਨੀ ਨੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੀਮਾ ਨੇ ਕਿਹਾ ਕਿ ਜਨਤਾ ਜਾਣ ਗਈ ਹੈ ਕਿ ਕਿਵੇਂ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪੂਰੀ ਪਾਰਟੀ ਨਕਲੀ ਵੀਡੀਓ ਬਣਾਉਂਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਉਹ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਅਤੇ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ।
ਆਪ ਦੇ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਹੁਣ ਦੋ ਲੈਬਾਂ ਤੋਂ ਜਾਂਚ ਕਰਵਾਈ ਗਈ ਹੈ। ਅੱਜ ਪਾਰਟੀ ਦਾ ਇੱਕ ਵਫ਼ਦ ਡੀਜੀਪੀ ਨੂੰ ਮਿਲੇਗਾ ਅਤੇ ਇਸ ਸਾਜ਼ਿਸ਼ ਪਿੱਛੇ ਲੋਕਾਂ ਦੀ ਜਾਂਚ ਅਤੇ ਪੜ੍ਹਤਾਲ ਦੀ ਮੰਗ ਕਰੇਗਾ, ਭਾਵੇਂ ਉਹ ਦੇਸ਼ ਜਾਂ ਵਿਦੇਸ਼ ਵਿੱਚ ਬੈਠੇ ਹੋਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ