
ਚੰਡੀਗੜ੍ਹ, 18 ਜੂਨ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ (ਐਸ.ਸੀ.) ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਆਜੀਵਿਕਾ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਊ.ਐਫ.) ਨਾਲ ਜੁੜੇ ਮੁਫ਼ਤ ਰਿਹਾਇਸ਼ੀ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਇਹ ਸਿਖਲਾਈ ਕੌਮੀ ਪੱਧਰ ਦੀ ਏਜੰਸੀ ਅਪੋਲੋ ਮੇਡ ਸਕਿੱਲਜ਼ ਰਾਹੀਂ ਕਰਵਾਈ ਜਾਵੇਗੀ।
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਐਸਸੀ ਵਰਗ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ, ਰੁਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਵਿਕਾਸ ਰਾਹੀਂ ਸਸ਼ਕਤ ਬਣਾਉਣ ਦੀ ਵਚਨਬੱਧਤਾ ਦਾ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਵੱਲੋਂ ਦੋ ਉਦਯੋਗ-ਸੰਬੰਧਿਤ ਕੋਰਸਾਂ ਲਈ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਵਿੱਚ “ਕੇਅਰ-ਗਿਵਰ–ਮਦਰ ਐਂਡ ਨਿਊ ਬੌਰਨ” (ਮਾਂ ਅਤੇ ਨਵਜੰਮੇ ਬੱਚੇ ਦੀ ਦੇਖਭਾਲ) ਅਤੇ “ਐਲਡਰਲੀ ਕੇਅਰ ਟੇਕਰ” (ਬਜ਼ੁਰਗਾਂ ਦੀ ਦੇਖਭਾਲ) ਸ਼ਾਮਲ ਹਨ। ਇਹ ਪ੍ਰੋਗਰਾਮ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਰਾਹੀਂ ਲੁਧਿਆਣਾ ਅਤੇ ਜਲੰਧਰ ਦੇ ਚੁਣੇ ਗਏ ਕੇਂਦਰਾਂ ਵਿੱਚ 1 ਜੁਲਾਈ ਤੋਂ ਸ਼ੁਰੂ ਕੀਤੇ ਜਾਣਗੇ।
ਮੰਤਰੀ ਨੇ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ ਮੁਫ਼ਤ ਰਹਿਣ ਦੀ ਸਹੂਲਤ, ਭੋਜਨ, ਟ੍ਰੇਨਿੰਗ ਕਿੱਟਾਂ ਅਤੇ ਰਾਸ਼ਟਰੀ ਪੱਧਰ ਦੀ ਸੰਸਥਾ ਵੱਲੋਂ ਸਰਟੀਫਿਕੇਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਯੋਗ ਉਮੀਦਵਾਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ ਅਤੇ ਸਿਖਲਾਈ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਘੱਟੋ-ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ, ਪੰਜਾਬ ਦਾ ਸਥਾਈ ਵਸਨੀਕ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਨੌਜਵਾਨਾਂ ਨੂੰ ਵਿਹਾਰਕ ਹੁਨਰ, ਉਦਯੋਗਿਕ ਤਜਰਬਾ ਅਤੇ ਰੁਜ਼ਗਾਰ ਲਈ ਪਲੇਸਮੈਂਟ ਸਹਾਇਤਾ ਪ੍ਰਦਾਨ ਕਰਨਗੇ। ਇਸ ਨਾਲ ਐਸਸੀ ਭਾਈਚਾਰੇ ਵਿੱਚ ਰੁਜ਼ਗਾਰ ਅਤੇ ਆਰਥਿਕ ਮਜ਼ਬੂਤੀ ਦੇ ਮੌਕੇ ਵਧਣਗੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਹੁਨਰ ਵਿਕਾਸ ਨੌਜਵਾਨਾਂ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨੌਜਵਾਨ ਹੁਨਰ ਹਾਸਲ ਕਰਕੇ ਰੁਜ਼ਗਾਰ ਪ੍ਰਾਪਤ ਕਰਦਾ ਹੈ ਤਾਂ ਇਸ ਦਾ ਲਾਭ ਪੂਰੇ ਪਰਿਵਾਰ ਨੂੰ ਮਿਲਦਾ ਹੈ ਅਤੇ ਆਤਮ-ਵਿਸ਼ਵਾਸ ਤੇ ਸਥਿਰਤਾ ਵਧਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH