ਬੇਅਦਬੀ ਕਾਨੂੰਨਾਂ ਤਹਿਤ ਭਗਵੰਤ ਮਾਨ ’ਤੇ ਦਰਜ ਕੀਤਾ ਜਾਵੇ ਪਰਚਾ : ਸੰਜੀਵ ਤਲਵਾੜ
ਹੁਸ਼ਿਆਰਪੁਰ, 18 ਜੂਨ (ਹਿੰ.ਸ.)। ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਦੀ ਅਗਵਾਈ ਹੇਠ ਅਕਾਲੀ ਦਲ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਇੱਕ ਲਿਖਤੀ ਦਰਖਾਸਤ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼
ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਸ਼ਿਕਾਇਤ ਦਰਜ ਕਰਵਾਉਂਦੇ ਹੋਏ।


ਹੁਸ਼ਿਆਰਪੁਰ, 18 ਜੂਨ (ਹਿੰ.ਸ.)। ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਦੀ ਅਗਵਾਈ ਹੇਠ ਅਕਾਲੀ ਦਲ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਇੱਕ ਲਿਖਤੀ ਦਰਖਾਸਤ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਸੰਜੀਵ ਤਲਵਾੜ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ 'ਤੇ ਦਾਰੂ ਦੇ ਛਿੱਟੇ ਮਾਰੇ ਜਾ ਰਹੇ ਸਨ ਅਤੇ ਵੀਡੀਓ ਵਾਲੇ ਸ਼ਖਸ ਨੂੰ ਭਗਵੰਤ ਮਾਨ ਦੱਸਿਆ ਜਾ ਰਿਹਾ ਸੀ। ਉਸ ਸਮੇਂ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਫ਼ਾਈ ਦਿੰਦਿਆਂ ਦਾਅਵਾ ਕੀਤਾ ਸੀ ਕਿ ਇਹ ਵੀਡੀਓ 'ਆਰਟੀਫੀਸ਼ੀਅਲ ਇੰਟੈਲੀਜੈਂਸ' (ਏਆਈ) ਰਾਹੀਂ ਬਣਾਈ ਗਈ ਇੱਕ ਫੇਕ ਵੀਡੀਓ ਹੈ।

ਸੰਜੀਵ ਤਲਵਾੜ ਨੇ ਕਿਹਾ ਕਿ ਹੁਣ ਜਦੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਈ ਗਈ, ਤਾਂ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਵੀਡੀਓ ਬਿਲਕੁਲ ਅਸਲੀ ਹੈ। ਇਸ ਗੰਭੀਰ ਗੁਨਾਹ 'ਤੇ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਨੇ ਭਗਵੰਤ ਮਾਨ ਨੂੰ ਪੰਥ ਦਾ ਦੋਖੀ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਸ ਸ਼ਰਮਨਾਕ ਹਰਕਤ ਨਾਲ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਉੱਪਰ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2020 ਤਹਿਤ ਤੁਰੰਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਇਸ ਮੌਕੇ ਸੰਜੀਵ ਤਲਵਾੜ ਦੇ ਨਾਲ ਪ੍ਰੇਮ ਸਿੰਘ (ਸਾਬਕਾ ਡਿਪਟੀ ਮੇਅਰ), ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ ਮਹਿੰਦੀਪੁਰ (ਪੰਜਾਬ ਜਨਰਲ ਸਕੱਤਰ, ਪਛੜੀਆਂ ਸ਼੍ਰੇਣੀਆਂ), ਸੰਤੋਖ ਸਿੰਘ ਔਜਲਾ (ਜ਼ਿਲ੍ਹਾ ਪ੍ਰਧਾਨ, ਵਪਾਰ ਸੈੱਲ), ਸੰਜੀਵ ਕੁਮਾਰ (ਹਲਕਾ ਇੰਚਾਰਜ, ਪੱਛੜੀਆਂ ਸ਼੍ਰੇਣੀਆਂ ਹੁਸ਼ਿਆਰਪੁਰ), ਰਣਧੀਰ ਭਾਰਜ (ਹਲਕਾ ਇੰਚਾਰਜ ਯੂਥ, ਹੁਸ਼ਿਆਰਪੁਰ), ਸੰਜੀਵ ਥਾਪਰ (ਸਿਟੀ ਪ੍ਰਧਾਨ, ਅਨੁਸੂਚਿਤ ਜਾਤੀ ਮੋਰਚਾ), ਇੰਦਰਦੀਪ, ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਅਕਾਲੀ ਵਰਕਰ ਵੀ ਹਾਜ਼ਰ ਸਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande