ਤਰਨਤਾਰਨ ਦੇ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੇ ਹਾਸਲ ਕੀਤਾ ਰਾਸ਼ਟਰੀ ਸਨਮਾਨ
ਤਰਨਤਾਰਨ, 18 ਜੂਨ (ਹਿੰ.ਸ.)| ਨੈਸ਼ਨਲ ਐਜੂਕੇਸ਼ਨ ਪਾਲਿਸੀ (ਐਨਈਪੀ) 2020 ਤਹਿਤ ਕਰਵਾਏ ਗਏ ‘ਕਲੀਨ ਐਂਡ ਗ੍ਰੀਨ ਸਕੂਲ ਰੇਟਿੰਗ 2025-26’ ਸਰਵੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੇ ਰਾਸ਼ਟਰੀ ਪੱਧਰ ’ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦੇਸ਼ ਭਰ ਦੇ ਲਗਭਗ 14 ਲੱਖ 71 ਹਜ਼ਾਰ ਸ
ਤਰਨਤਾਰਨ ਦੇ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੇ ਹਾਸਲ ਕੀਤਾ ਰਾਸ਼ਟਰੀ ਸਨਮਾਨ


ਤਰਨਤਾਰਨ, 18 ਜੂਨ (ਹਿੰ.ਸ.)| ਨੈਸ਼ਨਲ ਐਜੂਕੇਸ਼ਨ ਪਾਲਿਸੀ (ਐਨਈਪੀ) 2020 ਤਹਿਤ ਕਰਵਾਏ ਗਏ ‘ਕਲੀਨ ਐਂਡ ਗ੍ਰੀਨ ਸਕੂਲ ਰੇਟਿੰਗ 2025-26’ ਸਰਵੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੇ ਰਾਸ਼ਟਰੀ ਪੱਧਰ ’ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦੇਸ਼ ਭਰ ਦੇ ਲਗਭਗ 14 ਲੱਖ 71 ਹਜ਼ਾਰ ਸਕੂਲਾਂ ਵਿੱਚੋਂ ਇਸ ਸਕੂਲ ਦੀ ਰਾਸ਼ਟਰੀ ਪੁਰਸਕਾਰ ਲਈ ਚੋਣ ਹੋਈ ਹੈ, ਜਿਸ ਨਾਲ ਪੰਜਾਬ ਦਾ ਨਾਮ ਸਿੱਖਿਆ ਦੇ ਖੇਤਰ ਵਿੱਚ ਰੌਸ਼ਨ ਹੋਇਆ ਹੈ।

ਇਹ ਸਰਵੇ ਬਹੁਤ ਹੀ ਪਾਰਦਰਸ਼ੀ ਅਤੇ ਸਖ਼ਤ ਮਾਪਦੰਡਾਂ ਦੇ ਆਧਾਰ ’ਤੇ ਬਲਾਕ ਪੱਧਰ ਤੋਂ ਸ਼ੁਰੂ ਕੀਤਾ ਗਿਆ ਸੀ। ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਨੇ ਪਹਿਲਾਂ ਬਲਾਕ ਪੱਧਰ ਦੇ ਚੋਟੀ ਦੇ 8 ਸਕੂਲਾਂ ਵਿੱਚ ਆਪਣੀ ਜਗ੍ਹਾ ਬਣਾਈ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਅੱਗੇ ਵਧਦਿਆਂ ਪੰਜਾਬ ਦੇ ਟਾਪ-20 ਸਕੂਲਾਂ ਵਿੱਚ ਸ਼ਾਮਲ ਹੋਇਆ।

ਰਾਸ਼ਟਰੀ ਪੱਧਰ ਦੀ ਚੋਣ ਪ੍ਰਕਿਰਿਆ ਦੌਰਾਨ ਕੇਂਦਰੀ ਮੁਲਾਂਕਣ ਟੀਮਾਂ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ। ਟੀਮਾਂ ਨੇ ਸਕੂਲ ਵਿੱਚ ਵਾਤਾਵਰਣ ਸੰਭਾਲ, ਸਫ਼ਾਈ ਪ੍ਰਬੰਧ, ਕੂੜਾ ਪ੍ਰਬੰਧਨ, ਗ੍ਰੀਨ ਇੰਫਰਾਸਟਰਕਚਰ ਅਤੇ ਹੋਰ ਸਬੰਧਤ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਸਾਰੇ ਮਾਪਦੰਡਾਂ ’ਤੇ ਵਧੀਆ ਅੰਕ ਹਾਸਲ ਕਰਦੇ ਹੋਏ ਖਡੂਰ ਸਾਹਿਬ ਸਕੂਲ ਨੇ ਰਾਸ਼ਟਰੀ ਸੂਚੀ ਵਿੱਚ ਆਪਣੀ ਥਾਂ ਪੱਕੀ ਕੀਤੀ।

ਇਸ ਉਪਲਬਧੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਸਕੂਲ ਦੇ ਪ੍ਰਿੰਸੀਪਲ-ਕਮ-ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ (ਡੀਐਸਐਮ) ਗੁਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਫਲਤਾ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਸਕੂਲ ਦੀ ਨੋਡਲ ਇੰਚਾਰਜ ਅਤੇ ਸਾਇੰਸ ਮਿਸਟ੍ਰੈੱਸ ਅਰਸ਼ਪ੍ਰੀਤ ਕੌਰ ਦੇ ਯੋਗਦਾਨ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।

ਸਕੂਲ ਨੂੰ ਰਾਸ਼ਟਰੀ ਪੁਰਸਕਾਰ ਮਿਲਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਈਓ) ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੌਰ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।

ਇਸ ਮੌਕੇ ਸਹਾਇਕ ਕੋਆਰਡੀਨੇਟਰ ਗੁਰਮੀਤ ਸਿੰਘ ਅਤੇ ਅਮਨਦੀਪ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਖਬੀਰ ਸਿੰਘ ਕੰਗ, ਪੀਐਮ ਸ਼੍ਰੀ ਸਕੂਲ ਨੋਡਲ ਇੰਚਾਰਜ ਰੀਟਾ ਮਹਾਜਨ, ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਵਰਿੰਦਰ ਕੌਰ, ਸਕੂਲ ਪ੍ਰਬੰਧਨ ਕਮੇਟੀ ਮੈਂਬਰ ਮਨਜਿੰਦਰ ਸਿੰਘ, ਲੈਕਚਰਰ ਜੋਗਿੰਦਰ ਸਿੰਘ, ਲੈਕਚਰਰ ਬਲਦੇਵ ਸਿੰਘ ਅਤੇ ਨਿਸ਼ਾਨ ਸਿੰਘ ਕਲਰਕ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਉਪਲਬਧੀ ਨੂੰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਿਆ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande