
ਖਰੜ, 18 ਜੂਨ: ਮੋਹਾਲੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ 191 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।ਪੁਲਿਸ ਅਧਿਕਾਰੀਆਂ ਅਨੁਸਾਰ ਸੀ.ਆਈ.ਏ. ਸਟਾਫ ਦੀ ਟੀਮ ਗਸ਼ਤ ਦੌਰਾਨ ਖਰੜ-ਲਾਂਡਰਾ ਰੋਡ 'ਤੇ ਸਿਵਾਂਤਾ ਐਰੋ ਹਾਈਟਸ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਇੱਕ ਗਰੇ ਰੰਗ ਦੀ ਇਨੋਵਾ ਗੱਡੀ ਖੜ੍ਹੀ ਮਿਲੀ, ਜਿਸ ਦਾ ਅਗਲਾ ਟਾਇਰ ਪੰਕਚਰ ਸੀ। ਗੱਡੀ ਦੀ ਪਿਛਲੀ ਸੀਟ 'ਤੇ ਬੈਠਾ ਇੱਕ ਵਿਅਕਤੀ ਨਸ਼ੀਲੇ ਪਦਾਰਥ ਦਾ ਸੇਵਨ ਕਰਦਾ ਨਜ਼ਰ ਆਇਆ।ਸ਼ੱਕ ਦੇ ਆਧਾਰ 'ਤੇ ਕੀਤੀ ਗਈ ਤਲਾਸ਼ੀ ਦੌਰਾਨ ਗੱਡੀ ਦੇ ਆਰਮ ਰੈਸਟ ਵਿੱਚੋਂ 40 ਗ੍ਰਾਮ ਹੈਰੋਇਨ ਅਤੇ ਇੱਕ ਡਿਜੀਟਲ ਕੰਡਾ ਬਰਾਮਦ ਹੋਇਆ। ਇਸ ਤੋਂ ਇਲਾਵਾ ਨਸ਼ਾ ਕਰਨ ਲਈ ਵਰਤੇ ਜਾ ਰਹੇ ਫੁਆਇਲ ਪੇਪਰ, 20 ਰੁਪਏ ਦਾ ਨੋਟ ਅਤੇ ਇੱਕ ਲਾਲ ਰੰਗ ਦਾ ਲਾਈਟਰ ਵੀ ਕਬਜ਼ੇ ਵਿੱਚ ਲਿਆ ਗਿਆ। ਪੁਲਿਸ ਨੇ ਮੁਲਜ਼ਮ ਮੋਹਨ ਲਾਲ ਵਾਸੀ ਪ੍ਰਾਈਮ ਸਿਟੀ, ਖਰੜ ਨੂੰ ਗ੍ਰਿਫ਼ਤਾਰ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।ਬੁੱਧਵਾਰ ਦੇਰ ਰਾਤ ਵੇਲੇ ਸੀ.ਆਈ.ਏ. ਸਟਾਫ ਦੀ ਟੀਮ ਭਗਤ ਘਾਟ ਖਰੜ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਪੁਲਿਸ ਨਾਕਾ ਦੇਖ ਕੇ ਪਿੱਛੇ ਮੁੜ ਕੇ ਭੱਜਣ ਲੱਗ ਪਿਆ। ਭੱਜਦੇ ਸਮੇਂ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਲਿਫਾਫੇ ਵਿੱਚੋਂ 151 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਭਿੰਦਰ ਸਿੰਘ ਵਾਸੀ ਪਿੰਡ ਪੱਖੋਂਕੇ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਉਸ ਖ਼ਿਲਾਫ਼ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਅਨੁਸਾਰ ਮੋਹਨ ਲਾਲ ਦੀ ਉਮਰ ਕਰੀਬ 42 ਸਾਲ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਜਦਕਿ 25 ਸਾਲਾ ਗੁਰਭਿੰਦਰ ਸਿੰਘ ਖ਼ਿਲਾਫ਼ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਬਾਲੂਗੰਜ ਥਾਣੇ ਵਿੱਚ ਵੀ ਇੱਕ ਮਾਮਲਾ ਦਰਜ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੈਰੋਇਨ ਕਿੱਥੋਂ ਲਿਆਂਦੀ ਜਾਂਦੀ ਸੀ ਅਤੇ ਇਸ ਦੀ ਸਪਲਾਈ ਕਿਨ੍ਹਾਂ ਲੋਕਾਂ ਨੂੰ ਕੀਤੀ ਜਾਂਦੀ ਸੀ। ਇਸ ਧੰਦੇ ਨਾਲ ਜੁੜੇ ਹੋਰ ਸਾਥੀਆਂ ਦੀ ਭਾਲ ਵੀ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH