ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਬਦਲੇਗਾ ਮੌਸਮ, 23 ਜੂਨ ਤੱਕ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ
ਚੰਡੀਗੜ੍ਹ, 18 ਜੂਨ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਦਾ ਮਿਜ਼ਾਜ ਬਦਲਣ ਜਾ ਰਿਹਾ ਹੈ। ਪੱਛਮੀ ਵਿਗਾੜ ਸਰਗਰਮ ਹੋਣ ਕਾਰਨ 18 ਜੂਨ ਤੋਂ 23 ਜੂਨ ਤੱਕ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱ
ਚੰਡੀਗੜ੍ਹ ਮੋਸਮ ਦੀ ਫਾਈਲ ਫੋਟੋ।


ਚੰਡੀਗੜ੍ਹ, 18 ਜੂਨ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਦਾ ਮਿਜ਼ਾਜ ਬਦਲਣ ਜਾ ਰਿਹਾ ਹੈ। ਪੱਛਮੀ ਵਿਗਾੜ ਸਰਗਰਮ ਹੋਣ ਕਾਰਨ 18 ਜੂਨ ਤੋਂ 23 ਜੂਨ ਤੱਕ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਹਾਲਾਂਕਿ ਮਾਨਸੂਨ ਦੇ ਪੰਜਾਬ ਪਹੁੰਚਣ ਵਿੱਚ ਹਾਲੇ ਸਮਾਂ ਹੈ, ਪਰ ਇਸ ਦੌਰਾਨ ਹੋਣ ਵਾਲੀ ਬਾਰਿਸ਼ ਨੂੰ ਪ੍ਰੀ-ਮਾਨਸੂਨ ਗਤੀਵਿਧੀਆਂ ਦਾ ਹਿੱਸਾ ਮੰਨਿਆ ਜਾਵੇਗਾ।

ਦੂਜੇ ਪਾਸੇ, ਸੂਬੇ ਵਿੱਚ ਤਾਪਮਾਨ ਵਿੱਚ ਇੱਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਤਾਪਮਾਨ ਵਿੱਚ ਲਗਭਗ 2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ ਅਤੇ ਇਹ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ 39 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਲੋਕਾਂ ਨੂੰ ਫਿਲਹਾਲ ਲੂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਅੱਜ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਸ਼ਾਮਲ ਹਨ।

ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮੀਂਹ ਜਾਂ ਤੂਫ਼ਾਨ ਪੂਰੇ ਖੇਤਰ ਵਿੱਚ ਨਹੀਂ, ਸਗੋਂ ਕੁਝ ਚੁਣਿੰਦੀਆਂ ਥਾਵਾਂ 'ਤੇ ਹੀ ਹੋਣ ਦੀ ਸੰਭਾਵਨਾ ਹੈ। ਮੀਂਹ ਪੈਣ ਦੀ ਸੰਭਾਵਨਾ 25 ਤੋਂ 50 ਫੀਸਦੀ ਤੱਕ ਰਹੇਗੀ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 22 ਜੂਨ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅਗਲੇ ਦੋ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ।

ਉਨ੍ਹਾਂ ਕਿਹਾ ਕਿ 19 ਤੋਂ 22 ਜੂਨ ਤੱਕ ਕੁਝ ਥਾਵਾਂ 'ਤੇ ਗਰਜ-ਚਮਕ, ਅਸਮਾਨੀ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਤੋਂ ਬਿਹਾਰ ਤੱਕ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਉੱਪਰ ਮੌਸਮੀ ਟਰੱਫ (ਘੱਟ ਦਬਾਅ ਵਾਲੀ ਰੇਖਾ) ਬਣੀ ਹੋਈ ਹੈ, ਜਿਸ ਕਾਰਨ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਉੱਤਰੀ ਪਾਕਿਸਤਾਨ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਪੱਛਮੀ ਵਿਗਾੜ ਸਰਗਰਮ ਹੈ।

ਇਸ ਦੇ ਪ੍ਰਭਾਵ ਹੇਠ ਦੱਖਣੀ ਪੰਜਾਬ ਦੇ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਉੱਪਰੀ ਹਵਾਵਾਂ ਦਾ ਚੱਕਰਵਾਤੀ ਘੇਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ ਇੱਕ ਹੋਰ ਨਵਾਂ ਪੱਛਮੀ ਵਿਗਾੜ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਮੌਸਮ ਵਿੱਚ ਹੋਰ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande