
ਚੰਡੀਗੜ੍ਹ, 19 ਜੂਨ (ਹਿੰ.ਸ.)| ਪਠਾਨਕੋਟ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ (ਹਾਰਸ ਕੈਰਿਜ) ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਪਠਾਨਕੋਟ ਦੀ ਇੰਦਰਾ ਕਾਲੋਨੀ ਦੇ ਰਹਿਣ ਵਾਲੇ 18 ਸਾਲਾ ਵਿਦਿਆਰਥੀ ਰੋਮਾਂਚ ਮਹਾਜਨ ਦੀ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਵੀ ਉਸ ਸਮੇਂ ਮੌਕੇ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਦਰਦਨਾਕ ਹਾਦਸਾ ਵਾਪਰਦਾ ਦੇਖਿਆ।
ਜਾਣਕਾਰੀ ਅਨੁਸਾਰ ਰੋਮਾਂਚ ਮਹਾਜਨ ਆਪਣੇ ਪਰਿਵਾਰ ਨਾਲ ਚਾਰ ਦਿਨ ਪਹਿਲਾਂ ਹੀ ਨਿਊਯਾਰਕ ਘੁੰਮਣ ਲਈ ਗਿਆ ਸੀ। ਪਰਿਵਾਰ ਪਹਿਲੀ ਵਾਰ ਅਮਰੀਕਾ ਦੇ ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ ਦਾ ਦੌਰਾ ਕਰ ਰਿਹਾ ਸੀ। ਨਿਊਯਾਰਕ ਪੁਲਿਸ ਮੁਤਾਬਕ ਰੋਮਾਂਚ ਤਿੰਨ ਹੋਰ ਯਾਤਰੀਆਂ ਨਾਲ ਰਵਾਇਤੀ ਘੋੜਾ-ਗੱਡੀ ਵਿੱਚ ਸੈਂਟਰਲ ਪਾਰਕ ਦੀ ਸੈਰ ਕਰ ਰਿਹਾ ਸੀ। ਇਸ ਦੌਰਾਨ ‘ਚੈਰੀ ਹਿੱਲ’ ਇਲਾਕੇ ਨੇੜੇ ਘੋੜਾ ਅਚਾਨਕ ਬੇਕਾਬੂ ਹੋ ਗਿਆ ਅਤੇ ਤੇਜ਼ ਰਫ਼ਤਾਰ ਨਾਲ ਦੌੜ ਪਿਆ। ਘੋੜਾ ਬੱਗੀ ਨੂੰ ਘਸੀਟਦਾ ਹੋਇਆ ‘ਵੈਸਟ ਡਰਾਈਵ’ ਵੱਲ ਲੈ ਗਿਆ ਅਤੇ ਇੱਕ ਹੋਰ ਘੋੜਾ-ਗੱਡੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਗੀ ਸੜਕ ਦੇ ਵਿਚਕਾਰ ਪਲਟ ਗਈ ਅਤੇ ਰੋਮਾਂਚ ਉੱਛਲ ਕੇ ਕਨਕਰੀਟ ਦੀ ਸੜਕ 'ਤੇ ਜਾ ਡਿੱਗਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਾ ਬਚਾ ਸਕੇ।
ਮੁੱਢਲੀ ਜਾਂਚ ਦੌਰਾਨ ਡਰਾਈਵਰ ਦੀ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਹਾਦਸੇ ਸਮੇਂ ਬੱਗੀ ਚਾਲਕ ਆਪਣੀ ਸੀਟ 'ਤੇ ਮੌਜੂਦ ਨਹੀਂ ਸੀ। ਉਹ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਿਆਂ ਯਾਤਰੀਆਂ ਦੀਆਂ ਤਸਵੀਰਾਂ ਖਿੱਚਣ ਲਈ ਗੱਡੀ ਤੋਂ ਹੇਠਾਂ ਉਤਰਿਆ ਹੋਇਆ ਸੀ, ਜਿਸ ਦੌਰਾਨ ਘੋੜਾ ਬਿਦਕ ਗਿਆ ਅਤੇ ਹਾਦਸਾ ਵਾਪਰ ਗਿਆ। ਘਟਨਾ ਤੋਂ ਬਾਅਦ ਬੱਗੀ ਮਾਲਕ ਵੱਲੋਂ ਡਰਾਈਵਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਹਾਦਸੇ ਵਿੱਚ ਸ਼ਾਮਲ 7 ਸਾਲਾ ਘੋੜੇ ‘ਸੈਮਸਨ’ ਨੂੰ ਵੀ ਇਸ ਸੇਵਾ ਤੋਂ ਹਟਾ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH