ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮੋਹਾਲੀ ਵਿਖੇ ਵਰਕਿੰਗ ਵਿਮੈਨ ਹੋਸਟਲ ਦੀ ਉਸਾਰੀ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 19 ਜੂਨ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ, ਆਧੁਨਿਕ ਅਤੇ ਕਿਫ਼ਾਇਤੀ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮੋਹਾਲੀ, ਜਲੰ
ਵਰਕਿੰਗ ਵਿਮੈਨ ਹੋਸਟਲ ਦੀ ਉਸਾਰੀ ਦੀ  ਸ਼ੁਰੂਆਤ ਮੌਕੇ ਮੰਤਰੀ ਡਾ. ਬਲਜੀਤ ਕੌਰ।


ਚੰਡੀਗੜ੍ਹ, 19 ਜੂਨ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ, ਆਧੁਨਿਕ ਅਤੇ ਕਿਫ਼ਾਇਤੀ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਬਣਾਏ ਜਾ ਰਹੇ ਹਨ।

ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੋਹਾਲੀ ਦੇ ਸੈਕਟਰ-66 ਵਿੱਚ ਸੱਤ ਮੰਜ਼ਿਲਾ ਵਰਕਿੰਗ ਵਿਮੈਨ ਹੋਸਟਲ ਦੀ ਉਸਾਰੀ ਸ਼ੁਰੂ ਕਰਵਾਉਣ ਮੌਕੇ ਦਿੱਤੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵੀ ਹਾਜ਼ਰ ਸਨ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੋਹਾਲੀ ਵਿੱਚ ਬਣਨ ਵਾਲੇ ਇਸ ਹੋਸਟਲ ਦੀ ਉਸਾਰੀ 'ਤੇ ਕਰੀਬ 70 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਵਰਕਿੰਗ ਵਿਮੈਨ ਹੋਸਟਲ ਹੋਵੇਗਾ, ਜਿਸ ਵਿੱਚ 484 ਮਹਿਲਾਵਾਂ ਦੇ ਰਹਿਣ ਦੀ ਸਮਰੱਥਾ ਹੋਵੇਗੀ। ਹੋਸਟਲ ਵਿੱਚ ਸਿੰਗਲ, ਡਬਲ ਅਤੇ ਡੋਰਮੈਟਰੀ ਕਮਰਿਆਂ ਦੀ ਸਹੂਲਤ ਦੇ ਨਾਲ-ਨਾਲ ਬੱਚਿਆਂ ਲਈ ਕਰੈਚ ਅਤੇ ਮਨੋਰੰਜਨ ਲਈ ਇਨਡੋਰ ਖੇਡਾਂ ਦੀ ਵਿਵਸਥਾ ਵੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਹ ਮੋਹਾਲੀ ਵਿੱਚ ਬਣਨ ਵਾਲਾ ਤੀਜਾ ਵਰਕਿੰਗ ਵਿਮੈਨ ਹੋਸਟਲ ਹੈ। ਇਸ ਤੋਂ ਪਹਿਲਾਂ ਨਿਫਟ ਮੋਹਾਲੀ ਫੇਜ਼-1 ਵਿੱਚ 25.26 ਕਰੋੜ ਰੁਪਏ ਦੀ ਲਾਗਤ ਨਾਲ 150 ਮਹਿਲਾਵਾਂ ਦੀ ਸਮਰੱਥਾ ਵਾਲਾ ਹੋਸਟਲ ਉਸਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸੈਕਟਰ-79 ਮੋਹਾਲੀ ਵਿੱਚ 12.57 ਕਰੋੜ ਰੁਪਏ ਦੀ ਲਾਗਤ ਨਾਲ 100 ਮਹਿਲਾਵਾਂ ਲਈ ਹੋਸਟਲ ਦਾ ਨਿਰਮਾਣ ਜਾਰੀ ਹੈ।

ਮੰਤਰੀ ਨੇ ਦੱਸਿਆ ਕਿ ਮੋਹਾਲੀ ਤੋਂ ਇਲਾਵਾ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਵਿੱਚ 10.11 ਕਰੋੜ ਰੁਪਏ ਦੀ ਲਾਗਤ ਨਾਲ 100 ਮਹਿਲਾਵਾਂ ਲਈ ਅਤੇ ਅੰਮ੍ਰਿਤਸਰ ਵਿੱਚ 27.34 ਕਰੋੜ ਰੁਪਏ ਦੀ ਲਾਗਤ ਨਾਲ 150 ਮਹਿਲਾਵਾਂ ਦੀ ਸਮਰੱਥਾ ਵਾਲੇ ਵਰਕਿੰਗ ਵਿਮੈਨ ਹੋਸਟਲ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ ਅਤੇ ਇੱਥੇ ਰਹਿਣ ਵਾਲੀਆਂ ਮਹਿਲਾਵਾਂ ਨੂੰ ਬਹੁਤ ਹੀ ਵਾਜਬ ਕਿਰਾਏ 'ਤੇ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਠਿੰਡਾ ਵਿੱਚ ਵੀ ਰੈੱਡ ਕਰਾਸ ਦੀ ਇਮਾਰਤ ਵਿੱਚ 100 ਮਹਿਲਾਵਾਂ ਦੀ ਸਮਰੱਥਾ ਵਾਲਾ ਵਰਕਿੰਗ ਵਿਮੈਨ ਹੋਸਟਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕੰਮਕਾਜੀ ਮਹਿਲਾਵਾਂ ਵੱਲੋਂ ਮੰਗ ਆਵੇਗੀ, ਉੱਥੇ ਕਿਰਾਏ ਦੀਆਂ ਇਮਾਰਤਾਂ ਵਿੱਚ ਵੀ ਅਜਿਹੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਦੂਜੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰਿਹਾਇਸ਼ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਹੋਸਟਲ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande