ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਪੰਜਾਬ ਦੌਰੇ ਨੂੰ ਲੈ ਕੇ ਆਗੂ ਪੱਬਾਂ ਭਾਰ, ਸੂਬੇ ਭਰ ਵਿੱਚ ਤਿਆਰੀਆਂ ਤੇਜ਼
ਚੰਡੀਗੜ੍ਹ, 19 ਜੂਨ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ 20 ਜੂਨ ਤੋਂ ਸ਼ੁਰੂ ਹੋ ਰਹੇ ਤਿੰਨ ਰੋਜ਼ਾ ਪੰਜਾਬ ਦੌਰੇ ਨੂੰ ਲੈ ਕੇ ਸੂਬੇ ਦੇ ਭਾਜਪਾ ਆਗੂ ਅਤੇ ਵਰਕਰ ਪੱਬਾਂ ਭਾਰ ਹੋ ਗਏ ਹਨ। ਪਾਰਟੀ ਵੱਲੋਂ ਦੌਰੇ ਨੂੰ ਇਤਿਹਾਸਕ ਬਣਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਮ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਤੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ।


ਚੰਡੀਗੜ੍ਹ, 19 ਜੂਨ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ 20 ਜੂਨ ਤੋਂ ਸ਼ੁਰੂ ਹੋ ਰਹੇ ਤਿੰਨ ਰੋਜ਼ਾ ਪੰਜਾਬ ਦੌਰੇ ਨੂੰ ਲੈ ਕੇ ਸੂਬੇ ਦੇ ਭਾਜਪਾ ਆਗੂ ਅਤੇ ਵਰਕਰ ਪੱਬਾਂ ਭਾਰ ਹੋ ਗਏ ਹਨ। ਪਾਰਟੀ ਵੱਲੋਂ ਦੌਰੇ ਨੂੰ ਇਤਿਹਾਸਕ ਬਣਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਟਿੰਗਾਂ ਅਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਖੁਦ ਸੂਬੇ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਉਹ ਦੌਰੇ ਨਾਲ ਸਬੰਧਤ ਪ੍ਰਬੰਧਾਂ ਦੀ ਸਮੀਖਿਆ ਕਰਦੇ ਹੋਏ ਵਰਕਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਪਾਰਟੀ ਸੂਤਰਾਂ ਅਨੁਸਾਰ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਦੇ ਵੱਖ-ਵੱਖ ਮੋਰਚਿਆਂ ਅਤੇ ਸੈੱਲਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਤਾਂ ਜੋ ਰਾਸ਼ਟਰੀ ਪ੍ਰਧਾਨ ਦੇ ਦੌਰੇ ਨੂੰ ਸਫ਼ਲ ਬਣਾਇਆ ਜਾ ਸਕੇ। ਜ਼ਿਲ੍ਹਾ ਪੱਧਰ 'ਤੇ ਸਵਾਗਤੀ ਪ੍ਰੋਗਰਾਮਾਂ ਅਤੇ ਵਰਕਰ ਮੀਟਿੰਗਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।

ਨਿਤਿਨ ਨਬੀਨ 20 ਜੂਨ ਨੂੰ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਬਾਅਦ ਉਹ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਸ੍ਰੀ ਦੁਰਗਿਆਨਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵਿੱਚ ਦਰਸ਼ਨ ਕਰਕੇ ਪੂਜਾ-ਅਰਚਨਾ ਕਰਨਗੇ। ਅੰਮ੍ਰਿਤਸਰ ਦੇ ਪ੍ਰੋਗਰਾਮਾਂ ਤੋਂ ਬਾਅਦ ਉਹ ਸ਼ਾਮ ਨੂੰ ਜਲੰਧਰ ਪਹੁੰਚਣਗੇ, ਜਿੱਥੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। 21 ਜੂਨ ਨੂੰ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਉਪਰੰਤ ਉਹ ਲੁਧਿਆਣਾ ਪਹੁੰਚ ਕੇ ਦੁੱਗਰੀ ਰੋਡ ਸਥਿਤ ਭਾਜਪਾ ਦੇ ਨਵੇਂ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਕਰਨਗੇ ਅਤੇ ਸਬ-ਸਰਕਲ ਇੰਚਾਰਜਾਂ ਅਤੇ ਸੀਨੀਅਰ ਸੰਗਠਨਾਤਮਕ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ। ਸ਼ਾਮ ਵੇਲੇ ਉਹ ਲੁਧਿਆਣਾ ਦੇ ਉਦਯੋਗਪਤੀਆਂ ਅਤੇ ਵਪਾਰਕ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਸੰਵਾਦ ਕਰਨਗੇ। 22 ਜੂਨ ਨੂੰ ਆਪਣੇ ਦੌਰੇ ਦੇ ਆਖ਼ਰੀ ਦਿਨ ਨਿਤਿਨ ਨਬੀਨ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਕੇ ਜ਼ਮੀਨੀ ਹਾਲਾਤਾਂ ਬਾਰੇ ਫੀਡਬੈਕ ਲੈਣਗੇ। ਇਸ ਤੋਂ ਇਲਾਵਾ ਉਹ ਯੂਥ ਕਾਨਫ਼ਰੰਸ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਦੌਰੇ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਕੋਰ ਗਰੁੱਪ ਨਾਲ ਅਹਿਮ ਰਣਨੀਤਕ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਸੰਗਠਨ ਦੇ ਵਿਸਥਾਰ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਰਾਸ਼ਟਰੀ ਪ੍ਰਧਾਨ ਦਾ ਇਹ ਦੌਰਾ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਵੀਂ ਊਰਜਾ ਪ੍ਰਦਾਨ ਕਰੇਗਾ। ਸੂਬੇ ਭਰ ਦੇ ਭਾਜਪਾ ਵਰਕਰ ਇਸ ਦੌਰੇ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਪਾਰਟੀ ਵਿੱਚ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande