
ਚੰਡੀਗੜ੍ਹ, 20 ਜੂਨ (ਹਿੰ.ਸ.)| ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਗੋਲਡੀ ਢਿੱਲੋਂ ਗੈਂਗ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਦੇ ਤਿੰਨ ਕਥਿਤ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਆਪਰੇਸ਼ਨ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਕਾਰਵਾਈ ਕਰਕੇ ਮੁਲਜ਼ਮਾਂ ਨੂੰ ਵਿਦੇਸ਼ੀ ਹਥਿਆਰਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਸ ਕਾਰਵਾਈ ਨਾਲ ਗੋਲਡੀ ਢਿੱਲੋਂ ਵੱਲੋਂ ਰਚੀ ਜਾ ਰਹੀ ਇੱਕ ਵੱਡੀ ਅਪਰਾਧਿਕ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੈੱਪੀ ਚਿਬ (20), ਰਾਹੁਲ ਕੁਮਾਰ (24) ਅਤੇ ਵੰਸ਼ ਸ਼ਰਮਾ (19) ਵਜੋਂ ਹੋਈ ਹੈ। ਤਿੰਨੇ ਜੰਮੂ ਦੇ ਸਾਂਬਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਪੁਲਿਸ ਅਨੁਸਾਰ ਤਿੰਨੇ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਪਰਕ ਵਿੱਚ ਸਨ ਅਤੇ ਐਨਕ੍ਰਿਪਟਿਡ ਮੈਸੇਜਿੰਗ ਐਪਲੀਕੇਸ਼ਨਾਂ ਰਾਹੀਂ ਉਸ ਤੋਂ ਨਿਰਦੇਸ਼ ਲੈ ਰਹੇ ਸਨ। ਪੁਲਿਸ ਹੁਣ ਉਨ੍ਹਾਂ ਦੇ ਮੋਬਾਈਲ ਫੋਨਾਂ ਅਤੇ ਹੋਰ ਡਿਜੀਟਲ ਡਿਵਾਈਸਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਹੋਰ ਜਾਣਕਾਰੀਆਂ ਸਾਹਮਣੇ ਆ ਸਕਣ।
ਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਆਪਰੇਸ਼ਨ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੋਲਡੀ ਢਿੱਲੋਂ ਗੈਂਗ ਦੇ ਕੁਝ ਮੈਂਬਰ ਆਟੋਮੈਟਿਕ ਪਿਸਤੌਲਾਂ ਨਾਲ ਲੈਸ ਹੋ ਕੇ ਚੰਡੀਗੜ੍ਹ ਅਤੇ ਟ੍ਰਾਈਸਿਟੀ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਟੀਮ ਨੇ ਮੁੱਲਾਂਪੁਰ ਤੋਂ ਚੰਡੀਗੜ੍ਹ ਆਉਣ ਵਾਲੇ ਰਸਤੇ ’ਤੇ ਨਾਕਾਬੰਦੀ ਕਰਕੇ ਕਾਰਵਾਈ ਕੀਤੀ।
ਪੁਲਿਸ ਨੇ ਮੋਟਰਸਾਈਕਲ ’ਤੇ ਆ ਰਹੇ ਤਿੰਨਾਂ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ ਵਿਦੇਸ਼ੀ ਬਣੀ ਸੀ-47 9 ਐਮਐਮ ਪਿਸਤੌਲ, ਇੱਕ .32 ਬੋਰ ਪਿਸਤੌਲ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਵਾਰਦਾਤ ਲਈ ਵਰਤਿਆ ਜਾ ਰਿਹਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ ਗਿਆ ਹੈ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਸੈਕਟਰ-11 ਸਥਿਤ ਸ੍ਰੀ ਕੁਮਾਰ ਕੈਮਿਸਟ ਸ਼ਾਪ ਦੇ ਕੈਸ਼ੀਅਰ ਜਾਨਕੀ ਦਾਸ ਕਤਲ ਮਾਮਲੇ ਨਾਲ ਜੁੜੇ ਮੁਲਜ਼ਮਾਂ ਦੇ ਕਰੀਬੀ ਸਾਥੀ ਹਨ। ਜਾਂਚ ਅਨੁਸਾਰ ਗੋਲਡੀ ਢਿੱਲੋਂ ਨੇ ਪੂਰੇ ਗਰੁੱਪ ਨੂੰ ਦੋ ਮਾਡਿਊਲਾਂ ਵਿੱਚ ਵੰਡਿਆ ਹੋਇਆ ਸੀ।
ਪਹਿਲੇ ਮਾਡਿਊਲ ਵਿੱਚ ਸ਼ਾਮਲ ਮੈਂਬਰਾਂ ਨੇ ਸੈਕਟਰ-11 ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ, ਜਿਨ੍ਹਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੂਜੇ ਮਾਡਿਊਲ ਵਿੱਚ ਸ਼ਾਮਲ ਹੈੱਪੀ ਚਿਬ, ਰਾਹੁਲ ਕੁਮਾਰ ਅਤੇ ਵੰਸ਼ ਸ਼ਰਮਾ ਪੰਜਾਬ ਵਿੱਚ ਰਹਿ ਕੇ ਗੋਲਡੀ ਢਿੱਲੋਂ ਦੇ ਅਗਲੇ ਹੁਕਮ ਦੀ ਉਡੀਕ ਕਰ ਰਹੇ ਸਨ।
ਪੁਲਿਸ ਰਿਕਾਰਡ ਮੁਤਾਬਕ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼, ਲੁੱਟ, ਹਥਿਆਰ ਐਕਟ ਅਤੇ ਧਮਕੀਆਂ ਦੇ ਕੇਸ ਸ਼ਾਮਲ ਹਨ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH