
ਤਰਨਤਾਰਨ, 20 ਜੂਨ (ਹਿੰ.ਸ.)| ਪੰਜਾਬ ਵਿੱਚ ਛੁੱਟੀ ’ਤੇ ਆਪਣੇ ਘਰ ਆ ਰਹੇ ਫੌਜ ਦੇ ਇੱਕ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਨੌਸ਼ਹਿਰਾ ਪੰਨੂਆਂ ਨੇੜੇ ਵਾਪਰਿਆ, ਜਿੱਥੇ ਜਵਾਨ ਦੀ ਕਾਰ ਲੱਕੜ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਹਾਦਸੇ ਵਿੱਚ ਜਵਾਨ ਦੇ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਜਵਾਨ ਦੀ ਪਛਾਣ 30 ਸਾਲਾ ਹਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਅਸਾਮ ਦੇ ਡਿਬਰੂਗੜ੍ਹ ਵਿੱਚ ਫੌਜ ਦੀ 22 ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸੀ। ਜਾਣਕਾਰੀ ਮੁਤਾਬਕ ਛੁੱਟੀ ਲੈ ਕੇ ਹਰਜਿੰਦਰ ਸਿੰਘ ਆਪਣੇ ਘਰ ਘੜਿਆਲਾ ਵਾਪਸ ਆ ਰਹੇ ਸਨ। ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੇ ਚਾਚਾ ਸੱਚਰ ਸਿੰਘ ਅਤੇ ਚਚੇਰੇ ਭਰਾ ਸੁਖਬੀਰ ਸਿੰਘ ਅੰਮ੍ਰਿਤਸਰ ਰੇਲਵੇ ਸਟੇਸ਼ਨ ਗਏ ਸਨ।
ਜਾਣਕਾਰੀ ਅਨੁਸਾਰ ਰਾਤ ਕਰੀਬ 11 ਵਜੇ ਜਦੋਂ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਪਿੰਡ ਘੜਿਆਲਾ ਵੱਲ ਜਾ ਰਹੇ ਸਨ ਤਾਂ ਪਿੰਡ ਨੌਸ਼ਹਿਰਾ ਪੰਨੂਆਂ ਨੇੜੇ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਦੇ ਅੱਗੇ ਲੱਕੜ ਨਾਲ ਭਰੀ ਇੱਕ ਟਰਾਲੀ ਜਾ ਰਹੀ ਸੀ, ਜਿਸ ਵਿੱਚੋਂ ਲੱਕੜ ਕਰੀਬ ਦੋ ਫੁੱਟ ਬਾਹਰ ਨਿਕਲੀ ਹੋਈ ਸੀ।
ਪਰਿਵਾਰਕ ਮੈਂਬਰਾਂ ਦੇ ਮੁਤਾਬਕ ਕਾਰ ਚਾਲਕ ਨੇ ਕਈ ਵਾਰ ਹਾਰਨ ਵਜਾਇਆ, ਪਰ ਟਰੈਕਟਰ ਚਾਲਕ ਨੇ ਰਸਤਾ ਨਹੀਂ ਦਿੱਤਾ। ਇਸ ਕਾਰਨ ਕਾਰ ਟਰਾਲੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਗੇਲੀ ਸੀਟ ’ਤੇ ਬੈਠੇ ਹਰਜਿੰਦਰ ਸਿੰਘ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਪਿੱਛੇ ਬੈਠੇ ਸੁਖਬੀਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਗਿਆ ਹੈ।
ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਲੱਕੜ ਨਾਲ ਭਰੀ ਟਰਾਲੀ ਦੇ ਪਿੱਛੇ ਕੋਈ ਰਿਫਲੈਕਟਰ ਜਾਂ ਲਾਈਟ ਨਹੀਂ ਲੱਗੀ ਹੋਈ ਸੀ, ਜਿਸ ਕਾਰਨ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਕਥਿਤ ਤੌਰ ’ਤੇ ਟਰਾਲੀ ਦਾ ਹੁੱਕ ਖੋਲ੍ਹ ਕੇ ਟਰੈਕਟਰ ਸਮੇਤ ਫਰਾਰ ਹੋ ਗਿਆ, ਜਦਕਿ ਟਰਾਲੀ ਮੌਕੇ ’ਤੇ ਛੱਡ ਗਿਆ।
ਪੁਲਿਸ ਚੌਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਸਲਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਥਾਣਾ ਸਰਹਾਲੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਚਾਲਕ ਦੀ ਭਾਲ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH