ਪੰਜਾਬ ਨੂੰ ਉਜਾੜੇ ਚੋਂ ਕੱਢ ਕੇ ਉਜਾਲੇ ਵੱਲ ਲੈ ਕੇ ਜਾਣਾ ਬਸਪਾ ਦਾ ਮੁੱਖ ਨਿਸ਼ਾਨਾ
ਹੁਸ਼ਿਆਰਪੁਰ ਵਿਖੇ ਹੋਈ ਬਸਪਾ ਦੀ ਅਹਿਮ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ
ਮੀਟਿੰਗ ਨੂੰ ਸੰਬੋਧਨ ਕਰਦੇ ਡਾ. ਅਵਤਾਰ ਸਿੰਘ ਕਰੀਮਪੁਰੀ।


ਹੁਸ਼ਿਆਰਪੁਰ, 20 ਜੂਨ (ਹਿੰ.ਸ.)। ਬਹੁਜਨ ਸਮਾਜ ਪਾਰਟੀ ਵੱਲੋਂ ਸੰਗਠਨ ਦੀ ਸੰਜੀਦਗੀ, ਗੰਭੀਰਤਾ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੰਗਠਨ ਦਾ ਲੇਖਾ-ਜੋਖਾ ਕਰਨ ਲਈ ਇੱਕ ਉੱਚ-ਪੱਧਰੀ ਅਤੇ ਅਹਿਮ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿੱਚ ਬੂਥ ਪੱਧਰ ਤੱਕ ਸੰਗਠਨ ਦਾ ਪੁਨਰਗਠਨ ਕਰਨ, ਪਾਰਟੀ ਦੇ ਆਧਾਰ ਨੂੰ ਮਜ਼ਬੂਤ ਬਣਾਉਣ ਅਤੇ ਪੰਜਾਬ ਵਿੱਚ ਬਸਪਾ ਦੀ ਅਗਲੀ ਸਰਕਾਰ ਬਣਾਉਣ ਲਈ ਸਮੁੱਚੀ ਲੀਡਰਸ਼ਿਪ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ।ਇਸ ਅਹਿਮ ਬੈਠਕ ਵਿੱਚ ਮੁੱਖ ਮਹਿਮਾਨ ਵਜੋਂ ਰਾਮ ਜੀ ਗੌਤਮ (ਮੁੱਖ ਸੈਕਟਰ ਪ੍ਰਭਾਰੀ ਇੰਚਾਰਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮਹਾਰਾਸ਼ਟਰ) ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬਿਪਲ ਕੁਮਾਰ (ਕੇਂਦਰੀ ਪ੍ਰਭਾਰੀ ਬਹੁਜਨ ਸਮਾਜ ਪਾਰਟੀ, ਪੰਜਾਬ) ਹਾਜ਼ਰ ਹੋਏ। ਬੈਠਕ ਦੀ ਪ੍ਰਧਾਨਗੀ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਕੀਤੀ ਗਈ।ਬੈਠਕ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਰਾਮ ਜੀ ਗੌਤਮ, ਕੇਂਦਰੀ ਪ੍ਰਭਾਰੀ ਬਿਪਲ ਕੁਮਾਰ ਅਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਾਂਝੇ ਤੌਰ 'ਤੇ ਆਖਿਆ ਕਿ ਮੌਜੂਦਾ ਸਮੇਂ ਪੰਜਾਬ ਬੇਹੱਦ ਗੰਭੀਰ ਦੌਰ ਅਤੇ ਮੰਦਹਾਲੀ ਵਿੱਚੋਂ ਲੰਘ ਰਿਹਾ ਹੈ। ਵਿਰੋਧੀ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦਾ ਜੋ ਉਜਾੜਾ ਹੋਇਆ ਹੈ, ਉਸ ਵਿੱਚੋਂ ਪੰਜਾਬ ਨੂੰ ਕੱਢ ਕੇ ਖੁਸ਼ਹਾਲੀ ਅਤੇ ਉਜਾਲੇ ਵੱਲ ਸਿਰਫ਼ ਬਹੁਜਨ ਸਮਾਜ ਪਾਰਟੀ ਹੀ ਲੈ ਕੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਲਈ ਪੂਰੀ ਸੰਜੀਦਗੀ ਅਤੇ ਗੰਭੀਰਤਾ ਨਾਲ ਮੈਦਾਨ ਵਿੱਚ ਨਿੱਤਰ ਚੁੱਕੀ ਹੈ।ਸੀਨੀਅਰ ਲੀਡਰਸ਼ਿਪ ਨੇ ਸਮੂਹ ਪੰਜਾਬੀਆਂ ਨੂੰ ਜ਼ੋਰਦਾਰ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਉਹ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਪਾਰਟੀ ਦੀ 'ਪੰਜਾਬ ਸੰਭਾਲੋ ਮੁਹਿੰਮ' ਦੇ ਦੂਰ ਦ੍ਰਿਸ਼ਟੀ ਅਤੇ ਲੋਕ-ਪੱਖੀ ਸੰਕਲਪ ਨਾਲ ਵੱਧ ਤੋਂ ਵੱਧ ਜੁੜਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਸਿਆਸੀ ਮੁਹਿੰਮ ਨਹੀਂ, ਸਗੋਂ ਪੰਜਾਬ ਦੀ ਅਣਖ, ਭਾਈਚਾਰਕ ਸਾਂਝ ਅਤੇ ਪੰਜਾਬ ਨੂੰ ਵਿਕਾਸ ਨੂੰ ਦੀ ਲੀਹ ਤੇ ਤੋਰਨ ਦਾ ਇੱਕ ਪਵਿੱਤਰ ਹੋਕਾ ਹੈ।ਬੈਠਕ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ ਅਤੇ ਵਰਕਰਾਂ ਵਿੱਚ ਨਵੀਂ ਰੂਹ ਫੂਕਦਿਆਂ ਐਲਾਨ ਕੀਤਾ ਗਿਆ ਕਿ ਬੂਥ ਪੱਧਰ ਤੱਕ ਸੰਗਠਨ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਜਾਵੇਗਾ ਕਿ ਵਿਰੋਧੀ ਪਾਰਟੀਆਂ ਦੇ ਭਰਮ-ਭੁਲੇਖੇ ਦੂਰ ਹੋ ਜਾਣਗੇ। ਇਸ ਬੈਠਕ ਦੌਰਾਨ ਸੰਗਠਨ ਦੇ ਕੰਮਾਂ ਦਾ ਲੇਖਾ-ਜੋਖਾ ਕਰਦਿਆਂ ਹਾਜ਼ਰ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਇੰਚਾਰਜ ਚੌਧਰੀ ਗੁਰਨਾਮ ਸਿੰਘ, ਲੋਕ ਸਭਾ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਟੇਟ ਜਨਰਲ ਸੈਕਟਰੀ, ਰਣਵੀਰ ਬੱਬਰ (ਸਟੇਟ ਸੈਕਟਰੀ), ਰਾਮ ਲਾਲ ਸੰਧੂ ਸਟੇਟ ਸੈਕਟਰੀ, ਮਨਿੰਦਰ ਸਿੰਘ ਸ਼ੇਰਪੁਰੀ (ਸਟੇਟ ਸੈਕਟਰੀ), ਸੁਖਦੇਵ ਬਿੱਟਾ (ਸਟੇਟ ਸੈਕਟਰੀ), ਰਵਿੰਦਰ ਬੀੜਾ, ਦਲਜੀਤ ਰਾਏ (ਜ਼ਿਲ੍ਹਾ ਪ੍ਰਧਾਨ), ਅਤੇ ਸਰਪੰਚ ਜਗਮੋਹਣ ਸੱਜਣਾ (ਕਨਵੀਨਰ, ਜ਼ਿਲ੍ਹਾ ਬਹੁਜਨ ਵਲੰਟੀਅਰ ਫੋਰਸ) ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande