
ਮੋਹਾਲੀ, 20 ਜੂਨ (ਹਿੰ.ਸ.)| ਆਬਕਾਰੀ ਵਿਭਾਗ ਨੇ ਮੋਹਾਲੀ ਦੇ ਖਰੜ ਅਧੀਨ ਪੈਂਦੇ ਪਿੰਡ ਤਿਉੜ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਅਤੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵੱਖ-ਵੱਖ ਵਾਹਨਾਂ ਵਿੱਚ ਸ਼ਰਾਬ ਛੁਪਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਵੇਚ ਰਿਹਾ ਸੀ।
ਇਹ ਕਾਰਵਾਈ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਖੁਸ਼ਦਿਲ ਸਿੰਘ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਗੁਪਤ ਸੂਚਨਾ ਮਿਲਣ ਤੋਂ ਬਾਅਦ ਆਬਕਾਰੀ ਇੰਸਪੈਕਟਰ ਖਰੜ ਅਸ਼ੋਕ ਕੁਮਾਰ ਅਤੇ ਆਬਕਾਰੀ ਇੰਸਪੈਕਟਰ ਮੋਹਾਲੀ ਗੁਰਿੰਦਰ ਪਾਲ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਛਾਪੇਮਾਰੀ ਦੌਰਾਨ ਟੀਮ ਨੇ ਰਾਜਿੰਦਰ ਸਿੰਘ ਉਰਫ਼ ਰਿੰਕੂ ਨੂੰ ਸ਼ਰਾਬ ਵੇਚਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ ਤਿੰਨ ਵੱਖ-ਵੱਖ ਵਾਹਨਾਂ ਦੀਆਂ ਚਾਬੀਆਂ ਬਰਾਮਦ ਹੋਈਆਂ। ਜਦੋਂ ਅਧਿਕਾਰੀਆਂ ਨੇ ਇਨ੍ਹਾਂ ਵਾਹਨਾਂ ਦੀ ਜਾਂਚ ਕੀਤੀ ਤਾਂ ਉਹ ਨਾਜਾਇਜ਼ ਸ਼ਰਾਬ ਦੇ ਚੱਲਦੇ-ਫਿਰਦੇ ਗੋਦਾਮ ਸਾਬਤ ਹੋਏ।
ਆਬਕਾਰੀ ਵਿਭਾਗ ਅਨੁਸਾਰ ਇੱਕ ਕਾਰ ਅਤੇ ਦੋ ਸਕੂਟਰਾਂ ਵਿੱਚੋਂ ਕੁੱਲ 10 ਪੇਟੀਆਂ ਅਤੇ 5 ਵਾਧੂ ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਕਾਰ ਵਿੱਚੋਂ 50 ਬੋਤਲਾਂ, ਸਕੂਟਰ ਵਿੱਚੋਂ 37 ਬੋਤਲਾਂ ਅਤੇ ਇੱਕ ਬਿਨਾਂ ਨੰਬਰ ਵਾਲੇ ਜੂਪੀਟਰ ਸਕੂਟਰ ਵਿੱਚੋਂ 38 ਬੋਤਲਾਂ ਮਿਲੀਆਂ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸ਼ਰਾਬ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ ਮਨਜ਼ੂਰਸ਼ੁਦਾ ਸੀ। ਬੋਤਲਾਂ ’ਤੇ ਹੋਲੋਗ੍ਰਾਮ ਤਾਂ ਲੱਗੇ ਹੋਏ ਸਨ ਪਰ ਲਾਜ਼ਮੀ ਕਿਊਆਰ ਕੋਡ ਗੈਰ-ਮੌਜੂਦ ਸਨ, ਜਿਸ ਕਾਰਨ ਇਸ ਦੀ ਕਾਨੂੰਨੀ ਹੈਸਿਅਤ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਅਧਿਕਾਰੀਆਂ ਮੁਤਾਬਕ ਇਹ ਸ਼ਰਾਬ ‘ਐਮਪਾਇਰ ਐਲਕੋਬ੍ਰੇਵ’ ਕੰਪਨੀ ਵੱਲੋਂ ਤਿਆਰ ਕੀਤੀ ਗਈ ਸੀ ਅਤੇ ਪੰਜਾਬ ਵਿੱਚ ਇਸ ਦੀ ਤਸਕਰੀ ਕਰਕੇ ਟੈਕਸ ਚੋਰੀ ਅਤੇ ਗੈਰ-ਕਾਨੂੰਨੀ ਮੁਨਾਫ਼ਾ ਕਮਾਇਆ ਜਾ ਰਿਹਾ ਸੀ।
ਆਬਕਾਰੀ ਵਿਭਾਗ ਨੇ ਦੋਸ਼ੀ ਅਤੇ ਤਿੰਨੋਂ ਵਾਹਨ ਥਾਣਾ ਸਦਰ ਖਰੜ ਪੁਲਿਸ ਦੇ ਹਵਾਲੇ ਕਰ ਦਿੱਤੇ ਹਨ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ 1914 ਦੀਆਂ ਧਾਰਾਵਾਂ 61(1)(14) ਅਤੇ 78(2) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH