
ਗੁਰਦਾਸਪੁਰ, 20 ਜੂਨ (ਹਿੰ.ਸ.)| ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਕਿਲਾ ਲਾਲ ਸਿੰਘ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਦੇ ਘਰ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ। ਗਨੀਮਤ ਰਹੀ ਕਿ ਹਮਲੇ ਦੌਰਾਨ ਆਗੂ ਨੇ ਸਮੇਂ ਸਿਰ ਘਰ ਅੰਦਰ ਜਾ ਕੇ ਆਪਣੀ ਜਾਨ ਬਚਾ ਲਈ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਖਜ਼ਾਨਚੀ ਅਤੇ ਸਾਬਕਾ ਸਰਪੰਚ ਜਸਬੀਰ ਸਿੰਘ ਗਿੱਲ ਸਵੇਰੇ ਆਪਣੇ ਘਰ ਦੇ ਵਿਹੜੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਸੈਰ ਕਰ ਰਹੇ ਸਨ। ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆ ਕੇ ਘਰ ਦੇ ਮੁੱਖ ਗੇਟ ਦੇ ਬਾਹਰ ਰੁਕੇ। ਹਮਲਾਵਰਾਂ ਨੇ ਪਿਸਤੌਲ ਕੱਢ ਕੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਸਬੀਰ ਸਿੰਘ ਗਿੱਲ ਦੇ ਮੁਤਾਬਕ ਇੱਕ ਹਮਲਾਵਰ ਨੇ ਘਰ ਅੰਦਰ ਵੱਲ 4 ਗੋਲੀਆਂ ਚਲਾਈਆਂ, ਜਦਕਿ ਦੂਜੇ ਹਮਲਾਵਰ ਨੇ ਵੀ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਹਥਿਆਰ ਨਹੀਂ ਚੱਲ ਸਕਿਆ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਉਹ ਤੁਰੰਤ ਘਰ ਦੇ ਅੰਦਰ ਚਲੇ ਗਏ ਅਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਜਵਾਬੀ ਫਾਇਰਿੰਗ ਕੀਤੀ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਹ ਪੂਰੀ ਘਟਨਾ ਨੇੜਲੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਦੋਵੇਂ ਹਮਲਾਵਰ ਮੋਟਰਸਾਈਕਲ ’ਤੇ ਆਉਂਦੇ ਅਤੇ ਫਾਇਰਿੰਗ ਕਰਨ ਤੋਂ ਬਾਅਦ ਭੱਜਦੇ ਦਿਖਾਈ ਦੇ ਰਹੇ ਹਨ।
ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਸਾਬਕਾ ਸਰਪੰਚ ਦੇ ਘਰ ਦੀ ਰਸੋਈ ਅਤੇ ਡਰਾਇੰਗ ਰੂਮ ਵਿੱਚ ਜਾ ਲੱਗੀਆਂ। ਇੱਕ ਗੋਲੀ ਕੰਧ ਪਾਰ ਕਰਕੇ ਗੁਆਂਢੀ ਇੰਦਰਬੀਰ ਸਿੰਘ ਰੰਧਾਵਾ ਦੀ ਗੱਡੀ ਵਿੱਚ ਵੀ ਲੱਗੀ।
ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਿਛਲੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਵਿੱਚ ਏਅਰਲਾਈਨ ਨਾਲ ਜੁੜਿਆ ਹੋਇਆ ਹੈ, ਜਦਕਿ ਉਨ੍ਹਾਂ ਦੇ ਭਤੀਜੇ ਨੂੰ ਵੀ ਫੋਨ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਧਮਕੀਆਂ ਵਿੱਚ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਦੇ ਫਾਰਮ ਹਾਊਸ ’ਤੇ ਵੀ 2-3 ਵਾਰ ਫਾਇਰਿੰਗ ਹੋ ਚੁੱਕੀ ਹੈ, ਪਰ ਘਰ ’ਤੇ ਹਮਲਾ ਪਹਿਲੀ ਵਾਰ ਹੋਇਆ ਹੈ। ਇਸ ਸਬੰਧੀ ਉਹ ਪਹਿਲਾਂ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸੁਰੱਖਿਆ ਦੀ ਮੰਗ ਕਰ ਚੁੱਕੇ ਹਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਸਬੀਰ ਸਿੰਘ ਗਿੱਲ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਘਟਨਾ ਸਥਾਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੁਝ ਅਹਿਮ ਸੁਰਾਗ ਮਿਲੇ ਹਨ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH