
ਚੰਡੀਗੜ੍ਹ, 20 ਜੂਨ (ਹਿੰ.ਸ.)| ਰਾਜ ਚੋਣ ਕਮਿਸ਼ਨ, ਪੰਜਾਬ ਨੇ ਸੂਬੇ ਦੀਆਂ ਚਾਰ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਆਮ ਚੋਣਾਂ ਲਈ ਚੋਣ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੁਰੂ ਹਰ ਸਹਾਏ (ਜ਼ਿਲ੍ਹਾ ਫਿਰੋਜ਼ਪੁਰ), ਨਗਰ ਕੌਂਸਲ ਜਲਾਲਾਬਾਦ (ਜ਼ਿਲ੍ਹਾ ਫਾਜ਼ਿਲਕਾ) ਅਤੇ ਨਗਰ ਪੰਚਾਇਤ ਮਮਦੋਟ (ਜ਼ਿਲ੍ਹਾ ਫਿਰੋਜ਼ਪੁਰ) ਵਿੱਚ ਚੋਣਾਂ ਕਰਵਾਈਆਂ ਜਾਣਗੀਆਂ।ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 22 ਜੂਨ 2026 (ਸੋਮਵਾਰ) ਤੋਂ ਸ਼ੁਰੂ ਹੋਵੇਗੀ। ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 25 ਜੂਨ 2026 (ਵੀਰਵਾਰ) ਦੁਪਹਿਰ 3 ਵਜੇ ਤੱਕ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਜਾਂਚ 26 ਜੂਨ 2026 (ਸ਼ੁੱਕਰਵਾਰ) ਨੂੰ ਕੀਤੀ ਜਾਵੇਗੀ, ਜਦਕਿ ਉਮੀਦਵਾਰ ਆਪਣੇ ਨਾਮ ਵਾਪਸ 27 ਜੂਨ 2026 (ਸ਼ਨਿਚਰਵਾਰ) ਦੁਪਹਿਰ 3 ਵਜੇ ਤੱਕ ਲੈ ਸਕਣਗੇ।ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ਚੋਣਾਂ ਲਈ ਵੋਟਿੰਗ 5 ਜੁਲਾਈ 2026 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਿੰਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਰਾਹੀਂ ਕਰਵਾਈ ਜਾਵੇਗੀ।ਵੋਟਾਂ ਦੀ ਗਿਣਤੀ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਤੁਰੰਤ ਬਾਅਦ ਉਸੇ ਦਿਨ ਪੋਲਿੰਗ ਸਟੇਸ਼ਨਾਂ ’ਤੇ ਹੀ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਦੱਸਿਆ ਕਿ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।ਚੋਣ ਸ਼ਡਿਊਲ ਦੇ ਐਲਾਨ ਦੇ ਨਾਲ ਹੀ ਜਿਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੇ ਖੇਤਰਾਂ ਵਿੱਚ ਚੋਣਾਂ ਹੋਣੀਆਂ ਹਨ, ਉੱਥੇ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਹ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਜਾਰੀ ਰਹੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH