
ਲੁਧਿਆਣਾ, 20 ਜੂਨ (ਹਿੰ.ਸ.)| ਲੁਧਿਆਣਾ ਵਿੱਚ ਇੱਕ ਵਿਅਕਤੀ ਨੂੰ ਉਸ ਦੀ ਮਹਿਲਾ ਦੋਸਤ ਨਾਲ ਸਬੰਧਤ ਨਿੱਜੀ ਅਤੇ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਟਿੱਬਾ ਰੋਡ ਸਥਿਤ ਗੌਤਮ ਕਾਲੋਨੀ ਦਾ ਹੈ। ਇਲਾਕੇ ਦੇ ਰਹਿਣ ਵਾਲੇ ਲਖਵਿੰਦਰ ਸਿੰਘ (38) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮਹਿਲਾ ਦੋਸਤ ਗੁਰਪ੍ਰੀਤ ਕੌਰ ਇਸ ਸਮੇਂ ਕੈਨੇਡਾ ਵਿੱਚ ਰਹਿੰਦੀ ਹੈ।ਸ਼ਿਕਾਇਤ ਅਨੁਸਾਰ ਕੁਝ ਸਮਾਂ ਪਹਿਲਾਂ ਇਰਫਾਨ ਹੁਸੈਨ ਨਾਮਕ ਵਿਅਕਤੀ ਨੇ ਲਖਵਿੰਦਰ ਸਿੰਘ ਦੀ ਗੈਰ-ਮੌਜੂਦਗੀ ਦੌਰਾਨ ਧੋਖੇ ਨਾਲ ਉਸ ਦੇ ਮੋਬਾਈਲ ਫੋਨ ਵਿੱਚੋਂ ਦੋਵਾਂ ਦੀਆਂ ਨਿੱਜੀ ਅਤੇ ਇਤਰਾਜ਼ਯੋਗ ਤਸਵੀਰਾਂ ਹਾਸਲ ਕਰ ਲਈਆਂ।ਪੀੜਤ ਨੇ ਦੱਸਿਆ ਕਿ ਉਸ ਨੂੰ ਇੱਕ ਵਿਦੇਸ਼ੀ ਵਟਸਐਪ ਨੰਬਰ ਤੋਂ ਸੁਨੇਹਾ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਉਸ ਕੋਲ ਲਖਵਿੰਦਰ ਸਿੰਘ ਅਤੇ ਕੈਨੇਡਾ ਵਿੱਚ ਰਹਿ ਰਹੀ ਉਸ ਦੀ ਦੋਸਤ ਦੀਆਂ ਨਿੱਜੀ ਤਸਵੀਰਾਂ ਹਨ। ਸੁਨੇਹਾ ਭੇਜਣ ਵਾਲੇ ਨੇ ਧਮਕੀ ਦਿੱਤੀ ਕਿ ਜੇਕਰ 5 ਲੱਖ ਰੁਪਏ ਨਾ ਦਿੱਤੇ ਗਏ ਤਾਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ।ਲਖਵਿੰਦਰ ਸਿੰਘ ਵੱਲੋਂ ਆਪਣੇ ਪੱਧਰ 'ਤੇ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਾਜ਼ਿਸ਼ ਕਿਸੇ ਬਾਹਰੀ ਵਿਅਕਤੀ ਨੇ ਨਹੀਂ, ਸਗੋਂ ਇਰਫਾਨ ਹੁਸੈਨ ਅਤੇ ਉਸ ਦੇ ਸਾਥੀ ਅਖ਼ਤਰ ਅੰਸਾਰੀ ਨੇ ਮਿਲ ਕੇ ਰਚੀ ਸੀ। ਦੋਵੇਂ ਮੁਲਜ਼ਮ ਡਰਾ-ਧਮਕਾ ਕੇ ਵੱਡੀ ਰਕਮ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।ਪੀੜਤ ਦੀ ਸ਼ਿਕਾਇਤ 'ਤੇ ਟਿੱਬਾ ਥਾਣਾ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐੱਸ) ਦੀਆਂ ਧਾਰਾਵਾਂ 318(4), 308(2) ਅਤੇ 351(2) ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐਸਆਈ ਅਵਤਾਰ ਸਿੰਘ ਨੂੰ ਸੌਂਪੀ ਗਈ ਹੈ।ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਟਿੱਬਾ ਪੁਲਿਸ ਨੇ ਤਕਨੀਕੀ ਜਾਂਚ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦੋਵੇਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਰਫਾਨ ਹੁਸੈਨ ਵਾਸੀ ਮਾਡਲ ਕਾਲੋਨੀ, ਜਗੀਰਪੁਰ ਰੋਡ, ਲੁਧਿਆਣਾ ਅਤੇ ਅਖ਼ਤਰ ਅੰਸਾਰੀ ਵਾਸੀ ਕੁਲਦੀਪ ਨਗਰ, ਬਸਤੀ ਜੋਧੇਵਾਲ, ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੇ ਹੋਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH