
ਚੰਡੀਗੜ੍ਹ, 21 ਜੂਨ (ਹਿੰ.ਸ.)| ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ 19 ਸਾਲਾ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸਿਮਰਨ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਹਿਸਾਰ ਦੇ ਬਰਵਾਲਾ ਖੇਤਰ ਦੇ ਪਿੰਡ ਢਾਣੀ ਖਾਨ ਬਹਾਦੁਰ ਦੀ ਰਹਿਣ ਵਾਲੀ ਸਿਮਰਨ ਮੈਡੀਕਲ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ ਅਤੇ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਸ ਦੇ ਪਿਤਾ ਰੋਹਤਾਸ਼ ਨੇ ਦੱਸਿਆ ਕਿ ਸਿਮਰਨ ਹਾਲ ਹੀ ਵਿੱਚ ਹੋਏ ਪੇਪਰ ਲੀਕ ਮਾਮਲੇ ਕਾਰਨ ਮਾਨਸਿਕ ਤਣਾਅ ਵਿੱਚ ਸੀ। ਉਹ ਰਾਜਸਥਾਨ ਦੇ ਸੀਕਰ ਵਿੱਚ ਰਹਿ ਕੇ ਨੀਟ ਦੀ ਤਿਆਰੀ ਕਰ ਰਹੀ ਸੀ ਅਤੇ ਇਸ ਤੋਂ ਪਹਿਲਾਂ ਦੋ ਵਾਰ ਪ੍ਰੀਖਿਆ ਦੇ ਚੁੱਕੀ ਸੀ।
ਪਿਤਾ ਦੇ ਮੁਤਾਬਕ ਪਹਿਲੇ ਯਤਨ ਵਿੱਚ ਸਿਮਰਨ ਸਫਲ ਨਹੀਂ ਹੋ ਸਕੀ ਸੀ, ਜਦਕਿ ਦੂਜੀ ਵਾਰ ਪ੍ਰੀਖਿਆ ਰੱਦ ਹੋ ਗਈ ਸੀ। ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪੂਰੀ ਲਗਨ ਨਾਲ ਦੁਬਾਰਾ ਤਿਆਰੀ ਕਰ ਰਹੀ ਸੀ।
ਐਤਵਾਰ ਸਵੇਰੇ ਸਿਮਰਨ ਆਪਣੀ ਮਾਤਾ ਸ਼ਕੁੰਤਲਾ ਨਾਲ ਘਰ ਵਿੱਚ ਸੀ। ਸਵੇਰੇ ਕਰੀਬ 10 ਵਜੇ ਉਸ ਨੂੰ ਅਚਾਨਕ ਤੇਜ਼ ਉਲਟੀਆਂ ਹੋਣ ਲੱਗੀਆਂ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਪਿੰਡ ਦੇ ਇੱਕ ਸਥਾਨਕ ਡਾਕਟਰ ਕੋਲ ਲੈ ਗਏ, ਜਿੱਥੇ ਉਸ ਨੂੰ ਇੰਜੈਕਸ਼ਨ ਲਗਾਇਆ ਗਿਆ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਜਦੋਂ ਪਰਿਵਾਰਕ ਮੈਂਬਰਾਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਿਮਰਨ ਨੇ ਦੱਸਿਆ ਕਿ ਉਸ ਨੇ ਘਰ ਵਿੱਚ ਰੱਖਿਆ ਕੀਟਨਾਸ਼ਕ ਪੀ ਲਿਆ ਹੈ। ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਹਿਸਾਰ ਦੇ ਸਰਵੇਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪਿਤਾ ਰੋਹਤਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਨਹੀਂ ਲੱਗਿਆ ਸੀ ਕਿ ਸਿਮਰਨ ਅਜਿਹਾ ਕਦਮ ਚੁੱਕ ਸਕਦੀ ਹੈ। ਉਹ ਬਿਲਕੁਲ ਸਧਾਰਨ ਵਿਵਹਾਰ ਕਰ ਰਹੀ ਸੀ ਅਤੇ ਰਾਤ ਭਰ ਪੜ੍ਹਾਈ ਵੀ ਕਰਦੀ ਰਹੀ। ਸਵੇਰੇ ਉਸ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ 11 ਵਜੇ ਪ੍ਰੀਖਿਆ ਦੇਣ ਲਈ ਘਰ ਤੋਂ ਨਿਕਲੇਗੀ, ਪਰ ਇਸ ਤੋਂ ਪਹਿਲਾਂ ਹੀ ਇਹ ਦੁਖਦਾਈ ਘਟਨਾ ਵਾਪਰ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH