
ਅੰਮ੍ਰਿਤਸਰ, 21 ਜੂਨ (ਹਿੰ.ਸ.)| ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਕੇਂਦਰੀ ਏਜੰਸੀ ਦੇ ਤਾਲਮੇਲ ਜ਼ਰੀਏ ਵਿਦੇਸ਼-ਅਧਾਰਤ ਹੈਂਡਲਰਾਂ ਨਾਲ ਸਬੰਧਤ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਕੇ ਇਸਦੇ ਤਿੰਨ ਕਾਰਕੁਨਾਂ ਨੂੰ ਤਿੰਨ ਆਧੁਨਿਕ ਪਿਸਤੌਲਾਂ (ਵਿਦੇਸ਼ੀ) ਅਤੇ ਗੋਲਾ-ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਟਾਲਾ ਦੇ ਵੱਡਾ ਥੇਥਰਕੇ ਦੇ ਵਸਨੀਕ ਅਨਮੋਲ ਸਿੰਘ ਉਰਫ਼ ਮੋਹਲਾ, ਬਟਾਲਾ ਦੇ ਸ਼ਾਹਪੁਰ ਜਾਜਨ ਦੇ ਵਸਨੀਕ ਜਗਰੂਪ ਸਿੰਘ ਉਰਫ਼ ਰੂਪਾ ਅਤੇ ਅੰਮ੍ਰਿਤਸਰ ਦੇ ਗੇਟ ਹਕੀਮਾਂ ਵਿਖੇ ਕਾਵਰੀਆਂ ਵਾਲੀ ਪੁਲੀ ਦੇ ਵਸਨੀਕ ਮੋਹਿਤ ਕੁਮਾਰ ਉਰਫ਼ ਜੋਬਨ ਵਜੋਂ ਹੋਈ ਹੈ।
ਇਹ ਸਫ਼ਲਤਾ ਇੱਕ ਹੋਰ ਮੁਲਜ਼ਮ ਨੂੰ ਪਹਿਲਾਂ 26 ਆਧੁਨਿਕ ਹਥਿਆਰਾਂ, ਜਿਨ੍ਹਾਂ ਵਿੱਚ ਏਕੇ-47 ਰਾਈਫਲ ਅਤੇ 25 ਪਿਸਤੌਲਾਂ ਸ਼ਾਮਲ ਸਨ, ਸਮੇਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਸਾਹਮਣੇ ਆਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ, ਜੋ ਪੰਜਾਬ ਵਿੱਚ ਗੈਂਗਵਾਰ, ਜਬਰੀ ਵਸੂਲੀ ਅਤੇ ਹੋਰ ਗ਼ੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਉਕਤ ਮੁਲਜ਼ਮ ਹਥਿਆਰਾਂ ਦੀਆ ਖੇਪਾਂ ਹਾਸਲ ਕਰਕੇ ਅੱਗੇ ਅਪਰਾਧਿਕ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਸਨ।
ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦਾ ਪਤਾ ਲਗਾਉਣ, ਹੋਰ ਮੁਲਜ਼ਮਾਂ ਦੀ ਪਛਾਣ, ਪਿਛਲੀਆਂ ਅਪਰਾਧਿਕ ਗਤੀਵਿਧੀਆਂ ਦੀ ਗੁੱਥੀ ਸੁਲਝਾਉਣ ਅਤੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੰਗਠਿਤ ਅਪਰਾਧ ਸਿੰਡੀਕੇਟ ਦੇ ਖ਼ਾਤਮੇ ਆਦਿ ਨੂੰ ਕੇਂਦਰ ਵਿੱਚ ਰੱਖ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਅਧਾਰਤ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਅਨਮੋਲ ਉਰਫ਼ ਮੋਹਲਾ, ਜਗਰੂਪ ਉਰਫ਼ ਰੂਪਾ ਅਤੇ ਮੋਹਿਤ ਉਰਫ਼ ਜੋਬਨ ਨੂੰ ਤਿੰਨ ਵਿਦੇਸ਼ੀ ਤੇ ਆਧੁਨਿਕ ਪਿਸਤੌਲਾਂ ਅਤੇ ਗੋਲੀ-ਸਿੱਕੇ ਸਮੇਤ ਗ੍ਰਿਫ਼ਤਾਰ ਕਰ ਲਿਆ।
ਏਆਈਜੀ ਨੇ ਦੱਸਿਆ ਕਿ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਮੁਲਜ਼ਮ ਅਨਮੋਲ ਅਤੇ ਮੋਹਿਤ ਸਤੰਬਰ 2025 ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਦਰਜ ਕਤਲ ਕੇਸ ਅਤੇ ਜੂਨ 2026 ਵਿੱਚ ਬਟਾਲਾ ਵਿਖੇ ਦਰਜ ਕਤਲ ਦੀ ਕੋਸ਼ਿਸ਼ ਦੇ ਮਾਮਲੇ ‘ਚ ਵੀ ਸ਼ਾਮਲ ਸਨ।
ਇਸ ਤੋਂ ਇਲਾਵਾ ਅਨਮੋਲ ਅਤੇ ਉਸਦੇ ਸਾਥੀਆਂ ਨੂੰ ਅਜਿਹੇ ਕਈ ਹੋਰ ਕੰਮ ਵੀ ਸੌਂਪੇ ਗਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH