
ਚੰਡੀਗੜ੍ਹ, 21 ਜੂਨ (ਹਿੰ.ਸ.)| ਸੈਕਟਰ-26 ਸਥਿਤ ਅਨਾਜ ਮੰਡੀ (ਗ੍ਰੇਨ ਮਾਰਕੀਟ) ਜਲਦ ਹੀ ਨਵੇਂ ਰੂਪ ਵਿੱਚ ਨਜ਼ਰ ਆਵੇਗੀ। ਵਪਾਰੀਆਂ, ਆੜ੍ਹਤੀਆਂ ਅਤੇ ਗਾਹਕਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਜਲ ਭਰਾਅ, ਟੁੱਟੀਆਂ ਸੜਕਾਂ ਅਤੇ ਅਵਿਵਸਥਿਤ ਸਹੂਲਤਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਯੂਟੀ ਪ੍ਰਸ਼ਾਸਨ ਵੱਲੋਂ ਲਗਭਗ 12 ਕਰੋੜ ਰੁਪਏ ਦੀ ਵਿਆਪਕ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ।ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਮਾਨਸੂਨ ਦੌਰਾਨ ਮੰਡੀ ਵਿੱਚ ਪੈਦਾ ਹੋਣ ਵਾਲੀ ਜਲ ਭਰਾਅ ਦੀ ਸਮੱਸਿਆ ਨੂੰ ਤਰਜੀਹ ਦਿੱਤੀ ਹੈ। ਇਸ ਲਈ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਸਟਾਰਮ ਵਾਟਰ ਡਰੇਨੇਜ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਛੇ ਮਹੀਨਿਆਂ ਵਿੱਚ ਕੰਮ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।ਵਿਕਾਸ ਯੋਜਨਾ ਤਹਿਤ ਮੰਡੀ ਅੰਦਰ ਬਣੀਆਂ ਸੀਮੈਂਟ-ਕੰਕਰੀਟ ਸੜਕਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ। ਇਸ ਨਾਲ ਖੱਡਿਆਂ, ਧੂੜ ਅਤੇ ਆਵਾਜਾਈ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸਬਜ਼ੀਆਂ, ਪਿਆਜ਼ ਅਤੇ ਆਲੂ ਦੀ ਨਿਲਾਮੀ ਲਈ ਬਣੇ ਪਲੇਟਫਾਰਮਾਂ ਦਾ ਵੀ ਆਧੁਨਿਕੀਕਰਨ ਕੀਤਾ ਜਾਵੇਗਾ।ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ 57.1 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਇਸ ਨਾਲ ਮੰਡੀ ਵਿੱਚ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਟ੍ਰੈਫਿਕ ਪ੍ਰਬੰਧਨ ਵਿੱਚ ਵੀ ਮਦਦ ਮਿਲੇਗੀ।ਪ੍ਰਸ਼ਾਸਨ ਦੀ ਯੋਜਨਾ ਤਹਿਤ ਮੰਡੀ ਦੇ ਦਾਖਲਾ ਅਤੇ ਨਿਕਾਸ ਪੁਆਇੰਟਾਂ 'ਤੇ ਬੈਰੀਕੇਡਿੰਗ, ਚੇਨ-ਲਿੰਕ ਫੈਂਸਿੰਗ, ਦੋਪਹੀਆ ਵਾਹਨਾਂ ਲਈ ਵੱਖਰੀ ਪਾਰਕਿੰਗ, ਅਸਥਾਈ ਸਟੋਰ ਅਤੇ ਚੌਕੀਦਾਰ ਕਮਰੇ ਵਰਗੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਅਨਾਜ ਨਿਲਾਮੀ ਪਲੇਟਫਾਰਮਾਂ ਦੇ ਆਲੇ-ਦੁਆਲੇ ਲੋਹੇ ਦੀ ਰੇਲਿੰਗ ਲਗਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਮੰਡੀ ਪਰਿਸਰ ਵਿੱਚ ਨਵੀਆਂ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ, ਜਿਸ ਨਾਲ ਰਾਤ ਦੇ ਸਮੇਂ ਰੌਸ਼ਨੀ ਅਤੇ ਸੁਰੱਖਿਆ ਦੋਵਾਂ ਵਿੱਚ ਸੁਧਾਰ ਹੋਵੇਗਾ।ਅਧਿਕਾਰੀਆਂ ਦੇ ਅਨੁਸਾਰ ਸੈਕਟਰ-26 ਅਨਾਜ ਮੰਡੀ ਵਿੱਚ ਹਰ ਸਾਲ ਬਰਸਾਤ ਦੌਰਾਨ ਜਲ ਭਰਾਅ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸੜਕਾਂ ਦੇ ਸੁਧਾਰ, ਸੀਸੀਟੀਵੀ ਨਿਗਰਾਨੀ ਅਤੇ ਨਵੀਆਂ ਸਹੂਲਤਾਂ ਨਾਲ ਮੰਡੀ ਦਾ ਸੰਚਾਲਨ ਹੋਰ ਵਿਵਸਥਿਤ ਹੋਵੇਗਾ। ਇਸ ਨਾਲ ਟਰਾਂਸਪੋਰਟਰਾਂ ਅਤੇ ਵਪਾਰੀਆਂ ਨੂੰ ਜਾਮ ਅਤੇ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH