ਮਾਨਸਿਕ ਸ਼ਾਂਤੀ ਅਤੇ ਤਣਾਅ ਪ੍ਰਬੰਧਨ ਲਈ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਯੋਗ ਸਾਧਨਾ ਕਰਨੀ ਚਾਹੀਦੀ : ਅਕਾਸ਼ ਬਾਂਸਲ
ਕਪੂਰਥਲਾ, 21 ਜੂਨ (ਹਿੰ.ਸ.)। ਕੌਮਾਂਤਰੀ ਯੋਗ ਦਿਵਸ ਮੌਕੇ ਸਥਾਨਕ ਐੱਮ.ਜੀ.ਐੱਨ. ਪਬਲਿਕ ਸਕੂਲ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤਮੰਦ ਅਤੇ ਤਣਾਅ-ਮੁਕਤ ਜੀਵਨ ਲਈ ਯੋਗ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅ
ਕਪੂਰਥਲਾ ’ਚ ਐਮ.ਜੀ.ਐਨ. ਸਕੂਲ ਵਿਖੇ ਕਰਵਾਏ ਕੌਮਾਂਤਰੀ ਯੋਗ ਦਿਵਸ ਮੌਕੇ ਸਮਾਗਮ ਦਾ ਦ੍ਰਿਸ਼।


ਕਪੂਰਥਲਾ, 21 ਜੂਨ (ਹਿੰ.ਸ.)। ਕੌਮਾਂਤਰੀ ਯੋਗ ਦਿਵਸ ਮੌਕੇ ਸਥਾਨਕ ਐੱਮ.ਜੀ.ਐੱਨ. ਪਬਲਿਕ ਸਕੂਲ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤਮੰਦ ਅਤੇ ਤਣਾਅ-ਮੁਕਤ ਜੀਵਨ ਲਈ ਯੋਗ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਸਮਾਗਮ ਵਿੱਚ 461 ਵਿਅਕਤੀਆਂ ਦੀ ਸ਼ਮੂਲੀਅਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਨਾ ਸਿਰਫ਼ ਜੀਵਨ-ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਉਂਦਾ ਹੈ, ਸਗੋਂ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਸੰਤੁਲਨ ਲਈ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਮਾਨਸਿਕ ਸ਼ਾਂਤੀ ਅਤੇ ਤਣਾਅ ਪ੍ਰਬੰਧਨ ਲਈ ਰੋਜ਼ਾਨਾ ਘੱਟੋ-ਘੱਟ ਇੱਕ ਘੰਟਾ ਯੋਗ ਸਾਧਨਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਅਤੇ ਸੁਚੱਜੇ ਮਨ ਲਈ ਨਿਯਮਿਤ ਯੋਗ ਅਭਿਆਸ ਬੇਹੱਦ ਜ਼ਰੂਰੀ ਹੈ।

ਭਾਰਤ ਦੀ ਅਮੀਰ ਯੋਗ ਪਰੰਪਰਾ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਦੀਆਂ ਤੋਂ ਯੋਗ ਸਾਡੇ ਦੇਸ਼ ਦੀ ਵਿਰਾਸਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਇਹ ਇੱਕ ਸਿਹਤਮੰਦ ਅਤੇ ਅਗਾਂਹਵਧੂ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਦਾ ਆਇਆ ਹੈ।

ਪੰਜਾਬ ਸਰਕਾਰ ਵੱਲੋਂ 'ਸੀ.ਐਮ. ਦੀ ਯੋਗਸ਼ਾਲਾ’ ਤਹਿਤ ਚਲਾਈਆਂ ਜਾ ਰਹੀਆਂ ਮੁਫ਼ਤ ਯੋਗ ਕਲਾਸਾਂ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਯੋਗ ਇੰਸਟ੍ਰਕਟਰ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਵੱਖ-ਵੱਖ ਯੋਗ ਆਸਣਾਂ ਦੀ ਸਿਖਲਾਈ ਦਿੰਦੇ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 'ਸੀ.ਐਮ. ਦੀ ਯੋਗਸ਼ਾਲਾ' ਤਹਿਤ ਚਲਾਈਆਂ ਜਾ ਰਹੀਆਂ ਮੁਫ਼ਤ ਯੋਗ ਕਲਾਸਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਲੈਣ ਲਈ ਲੋਕ ਬਿਨਾਂ ਕਿਸੇ ਝਿਜਕ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 'ਤੇ ਸੰਪਰਕ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਇਹ ਸਮਾਗਮ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਕਪੂਰਥਲਾ ਵੱਲੋਂ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande