
ਫਾਜ਼ਿਲਕਾ, 22 ਜੂਨ (ਹਿੰ.ਸ.)| ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) 2026 ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ 25 ਜੂਨ ਤੋਂ ਬੂਥ ਲੈਵਲ ਅਫ਼ਸਰ (ਬੀਐਲਓ) ਘਰ-ਘਰ ਜਾ ਕੇ ਵੋਟਰਾਂ ਤੋਂ ਗਣਨਾ ਫਾਰਮ ਭਰਵਾਉਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ 25 ਜੂਨ ਤੋਂ 24 ਜੁਲਾਈ 2026 ਤੱਕ ਚਲਾਈ ਜਾਵੇਗੀ। ਇਸ ਦਾ ਮੁੱਖ ਉਦੇਸ਼ ਯੋਗ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ, ਅਯੋਗ ਵੋਟਰਾਂ ਦੇ ਨਾਮ ਹਟਾਉਣਾ ਅਤੇ ਵੋਟਰ ਸੂਚੀ ਨੂੰ ਅਪਡੇਟ ਕਰਨਾ ਹੈ।
ਡੀਸੀ ਨੇ ਦੱਸਿਆ ਕਿ ਬੀਐਲਓ ਘਰ-ਘਰ ਜਾ ਕੇ ਗਣਨਾ ਫਾਰਮ ਦੀਆਂ ਦੋ ਕਾਪੀਆਂ ਵੋਟਰਾਂ ਨੂੰ ਦੇਣਗੇ। ਫਾਰਮ ਵਿੱਚ ਵੋਟਰ ਦਾ ਨਾਮ, ਐਪਿਕ ਨੰਬਰ ਅਤੇ ਪੁਰਾਣੀ ਫੋਟੋ ਵਰਗੀ ਕੁਝ ਜਾਣਕਾਰੀ ਪਹਿਲਾਂ ਤੋਂ ਦਰਜ ਹੋਵੇਗੀ। ਵੋਟਰ ਵੱਲੋਂ ਫਾਰਮ ਭਰਨ ਅਤੇ ਦਸਤਖ਼ਤ ਕਰਨ ਤੋਂ ਬਾਅਦ ਇੱਕ ਕਾਪੀ ਬੀਐਲਓ ਕੋਲ ਜਮ੍ਹਾਂ ਕਰਵਾਈ ਜਾਵੇਗੀ, ਜਦਕਿ ਦੂਜੀ ਕਾਪੀ ਰਸੀਦ ਵਜੋਂ ਵੋਟਰ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 3 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। 3 ਅਗਸਤ ਤੋਂ 2 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ, ਜਦਕਿ 28 ਸਤੰਬਰ ਤੱਕ ਇਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਟੋਲ ਫ੍ਰੀ ਨੰਬਰ 1950 ਵੀ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਅਤੇ ਆਪਣਾ ਗਣਨਾ ਫਾਰਮ ਲਾਜ਼ਮੀ ਤੌਰ 'ਤੇ ਭਰਨ ਤਾਂ ਜੋ ਵੋਟਰ ਸੂਚੀਆਂ ਨੂੰ ਸਹੀ ਅਤੇ ਅਪਡੇਟ ਬਣਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH