
ਕੋਲਕਾਤਾ, 24 ਜੂਨ (ਹਿੰ.ਸ.)। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੱਛਮੀ ਬੰਗਾਲ ਦੇ ਹਾਵੜਾ ਦਿਹਾਤੀ ਜ਼ਿਲ੍ਹੇ ਦੇ ਆਮਤਾ ਖੇਤਰ ਵਿੱਚ 2022 ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਧਮਾਕੇ ਵਿੱਚ ਇੱਕ ਬੰਬ ਬਣਾਉਣ ਵਾਲਾ ਮਾਰਿਆ ਗਿਆ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ ਸਨ।
ਬੁੱਧਵਾਰ ਨੂੰ ਜਾਰੀ ਬਿਆਨ ਵਿੱਚ, ਐਨ.ਆਈ.ਏ. ਨੇ ਦੱਸਿਆ ਕਿ ਆਮਤਾ ਖੇਤਰ ਦੇ ਵਸਨੀਕ ਅਸਫਰ ਮਿਦਿਆ ਅਤੇ ਐਂਤਾਜ਼ੁਲ ਮਿਦਿਆ ਨੂੰ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ, ਜਾਂਚ ਏਜੰਸੀ ਨੇ ਮੁਲਜ਼ਮਾਂ ਦੇ ਸ਼ੱਕੀ ਟਿਕਾਣਿਆਂ 'ਤੇ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ।
ਜਾਂਚ ਏਜੰਸੀ ਦੇ ਅਨੁਸਾਰ, ਦੋਵੇਂ ਮੁਲਜ਼ਮ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਹਨ। ਉਨ੍ਹਾਂ ਦੇ ਨਿਰਦੇਸ਼ਾਂ 'ਤੇ, 23 ਫਰਵਰੀ, 2022 ਨੂੰ ਆਮਤਾ ਥਾਣਾ ਖੇਤਰ ਦੇ ਚੰਦਰਪੁਰ ਬਾਜ਼ਾਰ ਨੇੜੇ ਗੈਰ-ਕਾਨੂੰਨੀ ਤੌਰ 'ਤੇ ਕੱਚੇ ਬੰਬ ਤਿਆਰ ਕੀਤੇ ਜਾ ਰਹੇ ਸਨ।
ਬੰਬ ਬਣਾਉਣ ਦੀ ਪ੍ਰਕਿਰਿਆ ਦੌਰਾਨ ਕੁਝ ਵਿਸਫੋਟਕ ਸਮੱਗਰੀ ਫਟ ਗਈ। ਇਸ ਘਟਨਾ ਵਿੱਚ ਜਹਾਂਧਰ ਮੁੱਲਾ, ਮੁਹੱਬਤ ਮੁੱਲਾ, ਮੋਇਨੁਰ ਰਹਿਮਾਨ ਅਤੇ ਸ਼ੇਖ ਮਹਾਰਮ ਗੰਭੀਰ ਜ਼ਖਮੀ ਹੋ ਗਏ। ਸ਼ੇਖ ਮਹਾਰਮ ਬਾਅਦ ਵਿੱਚ ਇਲਾਜ ਦੌਰਾਨ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਸੀ।
ਐਨਆਈਏ ਨੇ ਅਪ੍ਰੈਲ 2024 ਵਿੱਚ ਪੁਲਿਸ ਤੋਂ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਅਸਫਰ ਮਿਦਿਆ ਅਤੇ ਐਂਤਾਜ਼ੁਲ ਮਿਦਿਆ ਪੂਰੇ ਬੰਬ ਬਣਾਉਣ ਦੇ ਕੰਮ ਨੂੰ ਕੰਟਰੋਲ ਕਰ ਰਹੇ ਸਨ। ਜਾਂਚ ਏਜੰਸੀ ਦੇ ਅਨੁਸਾਰ, ਇਹ ਬੰਬ ਇਲਾਕੇ ਦੇ ਲੋਕਾਂ ਨੂੰ ਡਰਾਉਣ ਅਤੇ ਦਹਿਸ਼ਤ ਵਿੱਚ ਪਾਉਣ ਲਈ ਵਰਤੇ ਜਾਣ ਵਾਲੇ ਸਨ।
ਚਾਰ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਦਿੱਲੀ ਵਿੱਚ ਰਾਸ਼ਟਰੀ ਜਾਂਚ ਏਜੰਸੀ ਦੇ ਕੇਸ ਨੰਬਰ ਆਰਸੀ-08-2024 ਤਹਿਤ ਜਾਂਚ ਜਾਰੀ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ