
ਚੰਡੀਗੜ੍ਹ, 27 ਜੂਨ (ਹਿੰ.ਸ.)| ਦਿਲ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਲੇਰਕੋਟਲਾ ਵਾਸੀ ਸ਼ੇਖ ਜ਼ੀਸ਼ਾਨ ਕੁਰੈਸ਼ੀ ਲਈ ਸਮੇਂ ਸਿਰ ਮਿਲਿਆ ਇਲਾਜ ਜੀਵਨ ਬਚਾਉਣ ਵਾਲਾ ਸਾਬਤ ਹੋਇਆ। ਉਨ੍ਹਾਂ ਨੂੰ ਦਿਲ ਦੀ ਸਮੱਸਿਆ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਡਾਇਗਨੋਸਟਿਕ ਐਂਜਿਓਗ੍ਰਾਮ ਦੇ ਨਾਲ ਪਰਕਿਊਟੇਨਿਅਸ ਟ੍ਰਾਂਸਲਿਊਮਿਨਲ ਕੋਰੋਨਰੀ ਐਂਜਿਓਪਲਾਸਟੀ ਕੀਤੀ। ਪੀਟੀਸੀਏ, ਜਿਸਨੂੰ ਆਮ ਤੌਰ 'ਤੇ ਐਂਜਿਓਪਲਾਸਟੀ ਕਿਹਾ ਜਾਂਦਾ ਹੈ, ਦਿਲ ਦੀਆਂ ਧਮਨੀਆਂ ਵਿੱਚ ਆਈ ਰੁਕਾਵਟ ਨੂੰ ਦੂਰ ਕਰਕੇ ਖੂਨ ਦਾ ਪ੍ਰਵਾਹ ਮੁੜ ਬਹਾਲ ਕਰਨ ਵਾਲੀ ਜੀਵਨ ਬਚਾਉਣ ਵਾਲੀ ਪ੍ਰਕਿਰਿਆ ਹੈ। ਡਾਕਟਰਾਂ ਮੁਤਾਬਕ ਹਾਰਟ ਅਟੈਕ ਦੌਰਾਨ ਹਰ ਮਿੰਟ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਲਾਜ ਵਿੱਚ ਦੇਰੀ ਹੋਣ ਨਾਲ ਦਿਲ ਨੂੰ ਸਥਾਈ ਨੁਕਸਾਨ ਪਹੁੰਚ ਸਕਦਾ ਹੈ।
ਸ਼ੇਖ ਜ਼ੀਸ਼ਾਨ ਕੁਰੈਸ਼ੀ ਦੇ ਇਲਾਜ ਦਾ 80,320 ਰੁਪਏ ਦਾ ਪੂਰਾ ਖ਼ਰਚਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਵਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਕਾਰਨ ਉਨ੍ਹਾਂ ਨੂੰ ਬਿਨਾਂ ਕਿਸੇ ਆਰਥਿਕ ਚਿੰਤਾ ਦੇ ਸਮੇਂ ਸਿਰ ਇਲਾਜ ਮਿਲ ਸਕਿਆ। ਉਨ੍ਹਾਂ ਕਿਹਾ, “ਮੇਰੇ ਅਤੇ ਮੇਰੇ ਪਰਿਵਾਰ ਲਈ ਇਹ ਵੱਡੀ ਰਾਹਤ ਸੀ ਕਿ ਇਲਾਜ ਬਿਨਾਂ ਕਿਸੇ ਵਿੱਤੀ ਬੋਝ ਦੇ ਹੋ ਗਿਆ। ਇਸ ਯੋਜਨਾ ਨੇ ਐਮਰਜੈਂਸੀ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਆਸਾਨ ਬਣਾਈ ਹੈ।”
ਰਾਜ ਸਿਹਤ ਏਜੰਸੀ ਪੰਜਾਬ ਅਨੁਸਾਰ, ਪਿਛਲੇ ਪੰਜ ਮਹੀਨਿਆਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 6,000 ਤੋਂ ਵੱਧ ਕਾਰਡਿਅਕ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਪੀਟੀਸੀਏ ਮਾਮਲਿਆਂ ਦੀ ਹੈ। ਪੀਟੀਸੀਏ ਅਤੇ ਡਾਇਗਨੋਸਟਿਕ ਐਂਜਿਓਗ੍ਰਾਮ 'ਤੇ ਹੁਣ ਤੱਕ 64.82 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਇਸ ਇਲਾਜ ਦਾ ਲਾਭ ਪੰਜਾਬ ਦੇ 6,138 ਮਰੀਜ਼ਾਂ ਨੂੰ ਮਿਲ ਚੁੱਕਾ ਹੈ। ਪ੍ਰਤੀ ਮਾਮਲਾ ਔਸਤ ਖ਼ਰਚ ਲਗਭਗ 1.06 ਲੱਖ ਰੁਪਏ ਰਿਹਾ ਹੈ, ਹਾਲਾਂਕਿ ਮਰੀਜ਼ ਦੀ ਸਥਿਤੀ ਅਨੁਸਾਰ ਲਾਗਤ ਵੱਖ ਹੋ ਸਕਦੀ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦੀ 60 ਸਾਲਾ ਹਰਜਿੰਦਰ ਕੌਰ ਨੂੰ ਵੀ ਇਸ ਯੋਜਨਾ ਦਾ ਲਾਭ ਮਿਲਿਆ। ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ਵਿੱਚ ਉਨ੍ਹਾਂ ਦੀਪੀਟੀਸੀਏ, ਡਾਇਗਨੋਸਟਿਕ ਐਂਜਿਓਗ੍ਰਾਮ ਅਤੇ ਅਸਥਾਈ ਪੇਸਮੇਕਰ ਇੰਪਲਾਂਟੇਸ਼ਨ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਪੱਧਰ 'ਤੇ ਇਸ ਇਲਾਜ ਦਾ ਖ਼ਰਚ ਨਹੀਂ ਚੁੱਕ ਸਕਦੇ ਸਨ।
ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਸੌਰਭ ਸ਼ਰਮਾ ਨੇ ਕਿਹਾ ਕਿ ਹਾਰਟ ਅਟੈਕ ਵਿੱਚ ਪੀਟੀਸੀਏ ਬਹੁਤ ਜ਼ਰੂਰੀ ਇਲਾਜ ਹੈ। ਉਨ੍ਹਾਂ ਦੱਸਿਆ ਕਿ ਕੈਸ਼ਲੈੱਸ ਸਹੂਲਤ ਕਾਰਨ ਡਾਕਟਰ ਬਿਨਾਂ ਦੇਰੀ ਕੀਤੇ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਲੋਕਾਂ ਨੂੰ ਐਮਰਜੈਂਸੀ ਦਿਲ ਦੇ ਇਲਾਜ ਵਿੱਚ ਵੱਡੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਸ਼ਲੈੱਸ ਇਲਾਜ ਦੀ ਸਹੂਲਤ ਕਾਰਨ ਮਰੀਜ਼ ਅਤੇ ਪਰਿਵਾਰ ਆਰਥਿਕ ਚਿੰਤਾ ਤੋਂ ਬਿਨਾਂ ਸਮੇਂ ਸਿਰ ਹਸਪਤਾਲ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਵੱਧ ਰਹੀਆਂ ਕਾਰਡਿਅਕ ਪ੍ਰਕਿਰਿਆਵਾਂ ਇਸ ਗੱਲ ਦਾ ਸਬੂਤ ਹਨ ਕਿ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ 'ਤੇ ਭਰੋਸਾ ਵਧ ਰਿਹਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH