
ਚੰਡੀਗੜ੍ਹ, 30 ਜੂਨ (ਹਿੰ.ਸ.)| ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਵਿਧਾਇਕਾਂ ਦੀ ਹਾਜ਼ਰੀ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਜੂਨ 1984 ਦੀਆਂ ਘਟਨਾਵਾਂ ਸਬੰਧੀ ਕੋਈ ਪ੍ਰਤੀਕਿਰਿਆ ਨਾ ਦੇਣ 'ਤੇ ਸਵਾਲ ਖੜ੍ਹੇ ਕੀਤੇ ਹਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਹਰ ਵਿਧਾਇਕ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ, ਪਰ ਕਿਸੇ ਨੇ ਵੀ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਫੌਜੀ ਹਮਲੇ ਲਈ ਖੇਦ ਜਾਂ ਮੁਆਫ਼ੀ ਪ੍ਰਗਟ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਲਈ ਆਪਣੀ ਇਤਿਹਾਸਕ ਜ਼ਿੰਮੇਵਾਰੀ ਸਵੀਕਾਰ ਕਰਨ ਦਾ ਮੌਕਾ ਸੀ, ਜਿਸ ਨੂੰ ਪਾਰਟੀ ਨੇ ਗਵਾ ਦਿੱਤਾ।
ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਵੱਲੋਂ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026' ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ, ਪਰ ਇਸ ਸੰਵੇਦਨਸ਼ੀਲ ਮੌਕੇ 'ਤੇ ਵੀ ਕਾਂਗਰਸ ਨੇ ਰਾਜਨੀਤੀ ਕਰਨ ਨੂੰ ਤਰਜੀਹ ਦਿੱਤੀ। ਢਿੱਲੋਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕਾਂ ਨੇ 1984 ਦੀਆਂ ਘਟਨਾਵਾਂ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ। ਭਾਜਪਾ ਪ੍ਰਧਾਨ ਨੇ ਕਿਹਾ ਕਿ 1984 ਦੀ ਘਟਨਾ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਅਤੇ ਕਾਂਗਰਸ ਕੋਲ ਇਸ ਸਬੰਧੀ ਪਸ਼ਚਾਤਾਪ ਪ੍ਰਗਟ ਕਰਨ ਦਾ ਮੌਕਾ ਸੀ।
ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਸਮੇਂ ਸਿੱਖਾਂ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਨਹੀਂ ਰੱਖਿਆ ਗਿਆ। ਢਿੱਲੋਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਦੋਵਾਂ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਦੇਖ ਰਹੇ ਹਨ ਅਤੇ ਸਮੇਂ ਆਉਣ 'ਤੇ ਆਪਣਾ ਫੈਸਲਾ ਦੇਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH