
ਅੰਮ੍ਰਿਤਸਰ, 27 ਜੂਨ (ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਤਸਕਰੀ ਕਰਨ ਵਾਲੇ ਗਿਰੋਹ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਤਸਕਰ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸੁੱਟਣ ਸਮੇਂ ਤੇਜ਼ ਆਵਾਜ਼ ਵਿੱਚ ਡੀਜੇ ਮਿਊਜ਼ਿਕ ਚਲਾਉਂਦੇ ਹਨ, ਤਾਂ ਜੋ ਡਰੋਨ ਦੀ ਭਨਭਨਾਹਟ ਅਤੇ ਜ਼ਮੀਨ 'ਤੇ ਡਿੱਗਣ ਵਾਲੀ ਖੇਪ ਦੀ ਆਵਾਜ਼ ਦਬਾਈ ਜਾ ਸਕੇ।ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਸਰਹੱਦ ਵਾਲੇ ਪਾਸੇ ਸਰਗਰਮ ਤਸਕਰ ਡਰੋਨ ਦੀ ਆਵਾਜ਼ ਨੂੰ ਲੁਕਾਉਣ ਲਈ ਹਾਈ ਵਾਲਿਊਮ ਮਿਊਜ਼ਿਕ ਦੀ ਵਰਤੋਂ ਕਰ ਰਹੇ ਹਨ। ਇਸ ਕਾਰਨ ਸੁਰੱਖਿਆ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਡਰੋਨ ਦੀ ਗਤੀਵਿਧੀ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਸਰਹੱਦੀ ਇਲਾਕਿਆਂ ਵਿੱਚ ਹਾਲ ਹੀ ਦੌਰਾਨ ਨਸ਼ਿਆਂ ਅਤੇ ਹਥਿਆਰਾਂ ਦੀਆਂ ਵੱਡੀਆਂ ਬਰਾਮਦਗੀਆਂ ਤੋਂ ਬਾਅਦ ਤਸਕਰੀ ਦੇ ਇਸ ਨਵੇਂ ਤਰੀਕੇ ਦਾ ਖੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਤਸਕਰੀ ਨੈੱਟਵਰਕ ਲਗਾਤਾਰ ਆਪਣੀ ਰਣਨੀਤੀ ਬਦਲ ਰਹੇ ਹਨ ਤਾਂ ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਜ਼ਰ ਤੋਂ ਬਚ ਸਕਣ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲੀਆ ਬਰਾਮਦਗੀਆਂ ਤੋਂ ਸੰਕੇਤ ਮਿਲੇ ਹਨ ਕਿ ਹੁਣ ਤਸਕਰ ਵੱਡੇ ਡਰੋਨਾਂ ਦੀ ਵਰਤੋਂ ਕਰ ਰਹੇ ਹਨ। ਇਹ ਡਰੋਨ ਕਰੀਬ 10 ਤੋਂ 15 ਕਿਲੋਗ੍ਰਾਮ ਤੱਕ ਦੀ ਖੇਪ ਚੁੱਕਣ ਦੀ ਸਮਰੱਥਾ ਰੱਖਦੇ ਹਨ। ਇਸ ਨਾਲ ਇੱਕੋ ਉਡਾਣ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ, ਹਥਿਆਰ ਜਾਂ ਨਕਦੀ ਪਹੁੰਚਾਈ ਜਾ ਸਕਦੀ ਹੈ ਅਤੇ ਡਰੋਨ ਉਡਾਣਾਂ ਦੀ ਗਿਣਤੀ ਘੱਟ ਹੋਣ ਕਾਰਨ ਫੜੇ ਜਾਣ ਦਾ ਖਤਰਾ ਵੀ ਘਟ ਜਾਂਦਾ ਹੈ। ਪੁਲਿਸ ਮੁਤਾਬਕ ਪਹਿਲਾਂ ਛੋਟੇ ਡਰੋਨਾਂ ਦੀ ਵਰਤੋਂ ਸੀਮਿਤ ਮਾਤਰਾ ਵਿੱਚ ਹੈਰੋਇਨ, ਪਿਸਤੌਲ ਜਾਂ ਗੋਲਾ-ਬਾਰੂਦ ਭੇਜਣ ਲਈ ਕੀਤੀ ਜਾਂਦੀ ਸੀ, ਕਿਉਂਕਿ ਉਨ੍ਹਾਂ ਦੀ ਆਵਾਜ਼ ਘੱਟ ਹੁੰਦੀ ਸੀ। ਪਰ ਹੁਣ ਤਸਕਰ ਵੱਡੇ ਡਰੋਨਾਂ ਰਾਹੀਂ ਵੱਡੀਆਂ ਖੇਪਾਂ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਐੱਸਐੱਫ ਅਤੇ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਡਰੋਨ, ਕਮਿਊਨੀਕੇਸ਼ਨ ਡਿਵਾਈਸ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਰਾਹੀਂ ਸਰਹੱਦ ਪਾਰ ਬੈਠੇ ਹੈਂਡਲਰਾਂ ਅਤੇ ਉਨ੍ਹਾਂ ਦੇ ਸਥਾਨਕ ਨੈੱਟਵਰਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH