
2 ਜੁਲਾਈ ਨੂੰ 6 ਤੋਂ 7 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ, ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਅਪੀਲਅੰਮ੍ਰਿਤਸਰ, 28 ਜੂਨ (ਹਿੰ.ਸ.)| ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਦੇ ਅਧਿਕਾਰੀਆਂ ਵੱਲੋਂ ਹਵਾਈ ਯਾਤਰੀਆਂ ਅਤੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਐਡਵਾਈਜ਼ਰੀ ਹਵਾਈ ਅੱਡਾ ਪਰਿਸਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾਣ ਵਾਲੀ ਬਾਬਾ ਜਵੰਦ ਸਿੰਘ ਜੀ ਦੀ ਸਲਾਨਾ ਬਰਸੀ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ।ਅਧਿਕਾਰੀਆਂ ਅਨੁਸਾਰ 26 ਜੂਨ ਤੋਂ 2 ਜੁਲਾਈ ਤੱਕ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣਗੇ। ਖਾਸ ਤੌਰ 'ਤੇ 2 ਜੁਲਾਈ ਨੂੰ ਮੁੱਖ ਸਮਾਗਮ ਵਾਲੇ ਦਿਨ 6 ਤੋਂ 7 ਲੱਖ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ।ਸੁਰੱਖਿਆ ਪ੍ਰਬੰਧਾਂ ਅਤੇ ਸ਼ਰਧਾਲੂਆਂ ਦੀ ਭਾਰੀ ਆਮਦ ਕਾਰਨ ਅੰਮ੍ਰਿਤਸਰ ਸ਼ਹਿਰ ਤੋਂ ਹਵਾਈ ਅੱਡੇ ਨੂੰ ਜਾਣ ਵਾਲੀਆਂ ਸੜਕਾਂ 'ਤੇ ਭਾਰੀ ਟ੍ਰੈਫਿਕ ਜਾਮ ਲੱਗਣ ਦੀ ਸੰਭਾਵਨਾ ਹੈ। ਖਾਸ ਕਰਕੇ 2 ਜੁਲਾਈ ਨੂੰ ਟ੍ਰੈਫਿਕ ਦਾ ਵੱਧ ਦਬਾਅ ਰਹਿ ਸਕਦਾ ਹੈ।ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਤਿਆਰ ਕਰਨ ਅਤੇ ਵਾਧੂ ਸਮਾਂ ਲੈ ਕੇ ਹਵਾਈ ਅੱਡੇ ਲਈ ਰਵਾਨਾ ਹੋਣ।ਯਾਤਰੀਆਂ ਨੂੰ ਚੈੱਕ-ਇਨ, ਸੁਰੱਖਿਆ ਜਾਂਚ ਅਤੇ ਹੋਰ ਯਾਤਰਾ ਸਬੰਧੀ ਕਾਰਵਾਈਆਂ ਸਮੇਂ ਸਿਰ ਪੂਰੀਆਂ ਕਰਨ ਲਈ ਹਵਾਈ ਅੱਡੇ 'ਤੇ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।ਐਡਵਾਈਜ਼ਰੀ ਵਿੱਚ ਆਮ ਲੋਕਾਂ ਅਤੇ ਸ਼ਰਧਾਲੂਆਂ ਨੂੰ ਟ੍ਰੈਫਿਕ ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਧਾਰਮਿਕ ਸਮਾਗਮ ਦੌਰਾਨ ਸ਼ਰਧਾਲੂਆਂ ਅਤੇ ਹਵਾਈ ਯਾਤਰੀਆਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਜਾਰੀ ਰਹਿ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH