
ਉੱਤਰਾਖੰਡ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ 4 ਨਿਹੰਗ ਸਿੰਘਾਂ ਦਾ ਮੋਹਾਲੀ ਪਹੁੰਚਣ 'ਤੇ ਸਵਾਗਤ
ਮੋਹਾਲੀ, 28 ਜੂਨ (ਹਿੰ.ਸ.)| ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ 16 ਜੂਨ ਨੂੰ ਹੋਏ ਝਗੜੇ
ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਐਤਵਾਰ
ਨੂੰ ਮੋਹਾਲੀ ਦੇ ਸੋਹਾਣਾ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਜੈਕਾਰਿਆਂ ਦੇ ਨਾਲ ਸਵਾਗਤ ਕੀਤਾ
ਗਿਆ। ਜ਼ਮਾਨਤ ਹਾਸਲ ਕਰਨ ਵਾਲਿਆਂ ਵਿੱਚ ਸਤਵਿੰਦਰ ਸਿੰਘ, ਅਜੈ ਸਿੰਘ, ਜਸਨਪ੍ਰੀਤ ਸਿੰਘ ਅਤੇ
ਮਨਪ੍ਰੀਤ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਗੋਪੇਸ਼ਵਰ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਦਾਲਤ ਵੱਲੋਂ
ਜ਼ਮਾਨਤ ਦਿੱਤੀ ਗਈ ਹੈ।
ਮਨਪ੍ਰੀਤ ਸਿੰਘ ਨੂੰ 16 ਜੂਨ ਦੀ ਝੜਪ ਦੌਰਾਨ
ਪੈਰ ਵਿੱਚ ਫ੍ਰੈਕਚਰ ਹੋ ਗਿਆ ਸੀ ਅਤੇ ਉਨ੍ਹਾਂ ਦਾ ਇਲਾਜ ਏਮਜ਼ ਰਿਸ਼ੀਕੇਸ਼ ਵਿੱਚ ਚੱਲ ਰਿਹਾ ਸੀ।
ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਪੰਜਾਬ ਲਿਆਂਦਾ ਗਿਆ, ਜਦਕਿ ਬਾਕੀ ਤਿੰਨ
ਨਿਹੰਗ ਸਿੰਘ ਸ਼ਨੀਵਾਰ ਰਾਤ ਨਿੱਜੀ ਵਾਹਨ ਰਾਹੀਂ ਨਾਹਨ ਸਥਿਤ ਗੁਰਦੁਆਰਾ ਪਾਉਂਟਾ ਸਾਹਿਬ ਪਹੁੰਚੇ
ਅਤੇ ਉੱਥੋਂ ਮੋਹਾਲੀ ਆਏ।
ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਚਾਰਾਂ ਨਿਹੰਗ ਸਿੰਘਾਂ ਦਾ ਅਕਾਲ
ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ, ਦਸਮੇਸ਼ ਤਰਨਾ ਦਲ
ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਬਾਬਾ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ
ਸਿੰਘ, ਬਾਬਾ ਬਲਦੇਵ ਸਿੰਘ ਵੈਲੀ ਵਾਲੇ ਅਤੇ ਹੋਰ ਨਿਹੰਗ ਆਗੂਆਂ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਘਟਨਾ ਪੰਥ ਦੀ
ਏਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਪੰਥ
ਬੁੱਢਾ ਦਲ, ਤਰਨਾ ਦਲ ਅਤੇ ਹੋਰ ਨਿਹੰਗ ਜਥੇਬੰਦੀਆਂ ਨੇ ਦਖ਼ਲ ਦਿੱਤਾ। ਉਨ੍ਹਾਂ
ਦੱਸਿਆ ਕਿ ਉੱਤਰਾਖੰਡ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਸਮੇਤ ਕਈ ਪੱਧਰਾਂ 'ਤੇ ਯਤਨ ਕੀਤੇ ਗਏ,
ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਜ਼ਮਾਨਤ ਮਿਲੀ।
ਗਿਆਨੀ ਗੜਗੱਜ ਨੇ ਕਿਹਾ ਕਿ ਜ਼ਮਾਨਤ ਮਿਲਣਾ ਇੱਕ ਮਹੱਤਵਪੂਰਨ ਸਫਲਤਾ ਹੈ,
ਪਰ ਮਾਮਲਾ ਪੂਰੀ ਤਰ੍ਹਾਂ ਰੱਦ ਕਰਵਾਉਣ ਲਈ ਕਾਨੂੰਨੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ
ਕੁਝ ਸ਼ਰਾਰਤੀ ਤੱਤਾਂ ਵੱਲੋਂ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹੇਮਕੁੰਟ ਸਾਹਿਬ
ਯਾਤਰਾ ਮਾਰਗ 'ਤੇ ਸਿੱਖ ਸ਼ਰਧਾਲੂਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ
ਦਿੱਤੀ ਜਾਵੇਗੀ।
ਮਨਪ੍ਰੀਤ ਸਿੰਘ ਨੇ 16 ਜੂਨ ਦੀ ਘਟਨਾ ਬਾਰੇ ਦੱਸਿਆ ਕਿ ਉਹ ਹੇਮਕੁੰਟ
ਸਾਹਿਬ ਵਿਖੇ ਮੱਥਾ ਟੇਕ ਕੇ ਮੋਟਰਸਾਈਕਲਾਂ ਰਾਹੀਂ ਵਾਪਸ ਆ ਰਹੇ ਸਨ। ਕਰਨਪ੍ਰਯਾਗ ਬਾਜ਼ਾਰ ਵਿੱਚ
ਇੱਕ ਮੋਟਰਸਾਈਕਲ ਦੀ ਕਥਿਤ ਤੌਰ 'ਤੇ ਇੱਕ ਸਥਾਨਕ ਵਿਅਕਤੀ ਨਾਲ ਹਲਕੀ ਟੱਕਰ ਹੋ ਗਈ, ਜਿਸ ਤੋਂ ਬਾਅਦ
ਵਿਵਾਦ ਵਧ ਗਿਆ ਅਤੇ ਝੜਪ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ
ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ਦੇ ਪੈਰ ਵਿੱਚ ਫ੍ਰੈਕਚਰ ਹੋ ਗਿਆ।
ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ 50-50 ਹਜ਼ਾਰ ਰੁਪਏ ਦੇ ਨਿੱਜੀ
ਮੁਚਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ
ਖ਼ਿਲਾਫ਼ ਕਰਨਪ੍ਰਯਾਗ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ
ਧਾਰਾਵਾਂ ਤਹਿਤ ਮਾਮਲਾ ਦਰਜ ਹੈ।
ਇਸ ਦੌਰਾਨ ਗੁਰਦੁਆਰਾ ਪਰਿਸਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨਿਹੰਗ ਸਿੰਘ ਨੇ ਕਥਿਤ
ਤੌਰ 'ਤੇ ਬਾਬਾ ਜਸਦੀਪ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ
ਬਾਬਾ ਜਸਦੀਪ ਸਿੰਘ ਵਾਲ-ਵਾਲ ਬਚ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਕਾਬੂ ਕਰ
ਲਿਆ। ਹਮਲੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
ਹਰਸਿਮਰਤ ਸਿੰਘ, ਡੀਐੱਸਪੀ ਮੋਹਾਲੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਥਾਣਾ ਸੋਹਾਣਾ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ। ਗੁਰਦੁਆਰਾ ਪ੍ਰਬੰਧਕਾਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ। ਅਜੇ ਤੱਕ ਕਿਸੇ ਵੀ ਧਿਰ ਵੱਲੋਂ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਸ਼ਿਕਾਇਤ ਮਿਲਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH