ਗੁਰੂ ਰਵਿਦਾਸ ਜੀ ਦੀ ਬਾਣੀ ਤੇ ਜੀਵਨ ’ਤੇ ਚੰਡੀਗੜ੍ਹ ਵਿੱਚ ਪੰਜਵਾਂ ਸੈਮੀਨਾਰ
ਚੰਡੀਗੜ੍ਹ, 28 ਜੂਨ (ਹਿੰ.ਸ.)| ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਤਹਿਤ ਪੰਜਵਾਂ ਸੈਮੀਨਾਰ ਚੰਡੀਗੜ੍ਹ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਦੌਰਾਨ ਗੁਰੂ ਰਵਿਦਾਸ
ਡਾ. ਗੁਰਮੀਤ ਕੱਲਰਮਾਜਰੀ ਦੀ ਸੰਪਾਦਿਤ ਕਿਤਾਬ ਜਾਰੀ ਕਰਦੇ ਹੋਏ।


ਚੰਡੀਗੜ੍ਹ, 28 ਜੂਨ (ਹਿੰ.ਸ.)| ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਤਹਿਤ ਪੰਜਵਾਂ ਸੈਮੀਨਾਰ ਚੰਡੀਗੜ੍ਹ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਦੌਰਾਨ ਗੁਰੂ ਰਵਿਦਾਸ ਜੀ ਦੀ ਬਾਣੀ, ਜੀਵਨ ਦਰਸ਼ਨ ਅਤੇ ਸਮਾਜ ਸੁਧਾਰਕ ਵਿਚਾਰਧਾਰਾ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਸੈਮੀਨਾਰ ਦੇ ਮੁੱਖ ਮਹਿਮਾਨ ਸਾਬਕਾ ਆਈਪੀਐੱਸ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਜਿਸ ਸਮੇਂ ਸਮਾਜ ਜਾਤ-ਪਾਤ ਅਤੇ ਭੇਦਭਾਵ ਵਿੱਚ ਵੰਡਿਆ ਹੋਇਆ ਸੀ, ਉਸ ਸਮੇਂ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਮਨੁੱਖੀ ਬਰਾਬਰੀ ਅਤੇ ਇਕਸਾਰਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਵੱਲੋਂ ਸ਼ੁਰੂ ਕੀਤਾ ਗਿਆ ਸਮਾਜਿਕ ਸੁਧਾਰ ਦਾ ਮਿਸ਼ਨ ਅੱਗੇ ਵਧਿਆ ਅਤੇ ਸਿੱਖ ਗੁਰੂ ਸਾਹਿਬਾਨ ਨੇ ਵੀ ਮਨੁੱਖੀ ਏਕਤਾ ਅਤੇ ਬਰਾਬਰੀ ਲਈ ਮਹਾਨ ਯੋਗਦਾਨ ਪਾਇਆ।

ਕਰਨਲ ਪ੍ਰਿਥਵੀ ਰਾਜ ਕੁਮਾਰ ਨੇ ਆਪਣੇ ਮੁੱਖ ਭਾਸ਼ਣ ਵਿੱਚ ਗੁਰੂ ਰਵਿਦਾਸ ਜੀ ਅਤੇ ਸੰਤ ਕਬੀਰ ਜੀ ਦੇ ਸਮਾਜਿਕ ਤੇ ਧਾਰਮਿਕ ਵਿਚਾਰਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਮਹਾਂਪੁਰਖਾਂ ਨੇ ਜਾਤ-ਪਾਤ ਵਿੱਚ ਡੁੱਬ ਰਹੇ ਸਮਾਜ ਨੂੰ ਕ੍ਰਾਂਤੀਕਾਰੀ ਸੋਚ ਅਤੇ ਨਵੀਂ ਦਿਸ਼ਾ ਦਿੱਤੀ, ਜਿਸ ਦਾ ਪ੍ਰਭਾਵ ਅੱਜ ਵੀ ਸਮਾਜ ਵਿੱਚ ਵੇਖਣ ਨੂੰ ਮਿਲਦਾ ਹੈ।

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਮੁਖੀ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਅਧਿਆਤਮਿਕਤਾ ਨੂੰ ਪਾਖੰਡਾਂ ਤੋਂ ਦੂਰ ਕਰਕੇ ਸੱਚ ਅਤੇ ਸਤਨਾਮ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਵੱਲੋਂ ਦਿੱਤਾ ਗਿਆ ‘ਬੇਗਮਪੁਰਾ’ ਦਾ ਸੰਕਲਪ ਅੱਜ ਵੀ ਪੂਰੀ ਦੁਨੀਆ ਲਈ ਚਾਨਣ ਮੁਨਾਰਾ ਹੈ।

ਦਲਿਤ ਚਿੰਤਕ ਡਾ. ਰੌਣਕੀ ਰਾਮ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਮਾਜ ਅੱਗੇ ਖੜ੍ਹੀਆਂ ਕਈ ਸਮੱਸਿਆਵਾਂ ਦਾ ਹੱਲ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਵਿਚਾਰਧਾਰਾ ਵਿੱਚ ਮਿਲ ਸਕਦਾ ਹੈ। ਉਨ੍ਹਾਂ ਮਨੁੱਖਤਾ, ਬਰਾਬਰੀ ਅਤੇ ਨਿਆਂ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਮੰਚ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਸੰਸਥਾ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ 24 ਸੈਮੀਨਾਰ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਤਿੰਨ ਦਿਨਾਂ ਕਾਨਫਰੰਸ ਵੀ ਕਰਵਾਈ ਜਾਵੇਗੀ।

ਸੈਮੀਨਾਰ ਦੇ ਕੋਆਰਡੀਨੇਟਰ ਫਤਿਹਜੰਗ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਮੰਚ ਦਾ ਮੁੱਖ ਉਦੇਸ਼ ਹੈ। ਪ੍ਰਬੰਧਕ ਓ.ਪੀ. ਚੋਪੜਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ’ਤੇ ਚੱਲਦਿਆਂ ਸੰਸਥਾ ਵੱਲੋਂ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ।

ਇਸ ਮੌਕੇ ਡਾ. ਗੁਰਮੀਤ ਕੱਲਰਮਾਜਰੀ ਵੱਲੋਂ ਸੰਪਾਦਿਤ ਕਿਤਾਬ ‘ਆਦਿ ਧਰਮ ਮੰਡਲ ਰਿਪੋਰਟ 1931’ ਵੀ ਜਾਰੀ ਕੀਤੀ ਗਈ। ਡਾ. ਕੱਲਰਮਾਜਰੀ ਨੇ ਕਿਹਾ ਕਿ ਭਵਿੱਖ ਵਿੱਚ ਸਿਰਫ਼ ਗੁਰੂ ਰਵਿਦਾਸ ਜੀ ਹੀ ਨਹੀਂ, ਸਗੋਂ ਭੁੱਲੇ-ਵਿਸਰੇ ਨਾਇਕਾਂ, ਭਗਤਾਂ ਅਤੇ ਦਸਾਂ ਗੁਰੂ ਸਾਹਿਬਾਨਾਂ ਨਾਲ ਸਬੰਧਤ ਸੈਮੀਨਾਰ ਵੀ ਕਰਵਾਏ ਜਾਣਗੇ।

ਇਸ ਮੌਕੇ ਡੀਪੀਆਰ ਪੰਜਾਬ ਦੇ ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ, ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਪ੍ਰੋ. ਲਾਲ ਬਹਾਦਰ ਭਾਟੀਆ ਜਲੰਧਰ, ਡਾ. ਸੰਤੋਖ ਸੁੱਖੀ ਪਟਿਆਲਾ, ਬਲਵਿੰਦਰ ਸਿਪਰੇ, ਪਰਮਿੰਦਰ ਸਿੰਘ ਰਾਏਪੁਰ, ਹਰਨੇਕ ਸਿੰਘ ਚੁੰਨੀ ਅਤੇ ਹਰਨਾਮ ਸਿੰਘ ਡੱਲਾ ਰੋਪੜ ਸਮੇਤ ਕਈ ਵਿਦਵਾਨਾਂ ਨੇ ਸੰਬੋਧਨ ਕੀਤਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande