
ਤਰਨ ਤਾਰਨ, 28 ਜੂਨ (ਹਿੰ.ਸ.)। ਭਾਸ਼ਾ ਵਿਭਾਗ, ਪੰਜਾਬ ਨੇ ਆਪਣੇ ਗੁਣਾਤਮਿਕ ਅਤੇ ਅਮੀਰ ਪ੍ਰਕਾਸ਼ਨਾ ਕਾਰਜ ਕਰਕੇ ਸਾਹਿਤਕ ਪ੍ਰੇਮੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ ਹੈ। ਇਹ ਕਾਰਜ ਨਿਰਦੇਸ਼ਕ, ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਨਿਰੰਤਰ ਜਾਰੀ ਹੈ। ਪਿਛਲੇ ਕਈ ਦਹਾਕਿਆਂ ਤੋਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਦੋ ਪੰਜਾਬੀ ਦੇ, ਇਕ ਹਿੰਦੀ ਦਾ ਅਤੇ ਇਕ ਉਰਦੂ ਦਾ ਰਸਾਲਾ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਦੇਵਨੀਤ (ਬਲਦੇਵ ਸਿੰਘ ਸਿੱਧੂ) ਜ਼ਿਲ੍ਹਾ ਮਾਨਸਾ ਦਾ ਇਕ ਅਜਿਹਾ ਸ਼ਾਇਰ ਹੋਇਆ ਹੈ ਜਿਸਨੇ ਇਕ ਵੱਖਰੀ ਤਰ੍ਹਾਂ ਦੀ ਕਵਿਤਾ ਲਿਖ ਕੇ ਸਮਾਜਿਕ ਅਤੇ ਮਾਨਸਿਕ ਦਵੰਦਾਂ ਨੂੰ ਬਹੁਤ ਗਹਿਰਾਈ ਨਾਲ ਪੇਸ਼ ਕੀਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਦੇ ਮਹਾਤਮ ਨੂੰ ਪੂਰੇ ਵਿਸ਼ਵ ਵਿੱਚ ਫ਼ੈਲਾਇਆ ਹੈ ਜਿਸ ਦੀ ਰੌਸ਼ਨੀ ਵਿੱਚ ਇਕ ਵਿਸ਼ੇਸ਼ ਪ੍ਰਕਾਰ ਦਾ ਕਿਰਤ ਸੱਭਿਆਚਾਰ ਹੋਂਦ ਵਿੱਚ ਆਇਆ। ਇਸ ਸੱਭਿਆਚਾਰ ਦੀ ਸੁਰ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਗਈ ਹੈ ਅਤੇ ਸਾਹਿਤ ਵਿੱਚ ਵੀ ਇਹ ਢੁੱਕਵੇਂ ਰੂਪ ਵਿੱਚ ਪੇਸ਼ ਹੁੰਦੀ ਰਹੀ ਹੈ। ਦੇਵਨੀਤ ਨੇ ਕਿਰਤ, ਕਿਰਤੀ, ਕਿਰਤ ਸੱਭਿਆਚਾਰ ਅਤੇ ਕਿਰਤ ਦੇ ਦਾਰਸ਼ਨਿਕ ਪੱਖ ਨੂੰ ਆਪਣੀ ਕਵਿਤਾ ਦੀ ਇਕ ਮਹਤੱਵਪੂਰਨ ਸੁਰ ਬਣਾਇਆ ਹੈ। ਪੰਜਾਬੀ ਦੇ ਇਸ ਮਹਾਨ ਸ਼ਾਇਰ ਨੂੰ ਯਾਦ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਵੱਲੋਂ 'ਜਨ ਸਾਹਿਤ' ਰਸਾਲੇ ਲਈ 'ਦੇਵਨੀਤ ਵਿਸ਼ੇਸ਼ ਅੰਕ' (ਜੁਲਾਈ-ਸਤੰਬਰ 2026) ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ, ਤਰਨ ਤਾਰਨ ਡਾ. ਜਗਦੀਪ ਸਿੰਘ ਸੰਧੂ ਵੱਲੋਂ ਜ਼ਿਲ੍ਹੇ ਦੇ ਸਮੂਹ ਲੇਖਕਾਂ/ਸਾਹਿਤਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਦੇਵਨੀਤ ਨਾਲ ਸਬੰਧਤ ਸਿਰਜਣਾਤਮਿਕ ਤੇ ਆਲੋਚਨਾਤਮਿਕ ਲੇਖ, ਕਵਿਤਾਵਾਂ ਤੇ ਯਾਦਾਂ, ਰੇਖਾ-ਚਿੱਤਰ ਵਿਭਾਗ ਨੂੰ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਦੇਵਨੀਤ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕੇ। ਇਹ ਰਚਨਾਵਾਂ ਵਰਡ ਫਾਈਲ ਵਿੱਚ 30 ਜੁਲਾਈ 2026 ਤੱਕ ਭੇਜੀਆਂ ਜਾ ਸਕਦੀਆਂ ਹਨ। ਰਚਨਾ ਮੌਲਿਕ, ਅਤੇ ਅਣ-ਪ੍ਰਕਾਸ਼ਿਤ ਹੋਣੀ ਚਾਹੀਦੀ ਹੈ। ਇਸ ਸਬੰਧੀ ਲੇਖਕ ਨੂੰ ਰਚਨਾ ਭੇਜਣ ਸਮੇਂ ਸਰਟੀਫ਼ਿਕੇਟ ਵੀ ਭੇਜਣਾ ਪਵੇਗਾ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ 88725-11179 ਅਤੇ 98723-75898 ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਰਚਨਾ ਭੇਜਣ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਤਰਨ ਤਾਰਨ ਦੇ ਸੰਪਰਕ ਨੰਬਰ 62396-33573 'ਤੇ ਤਾਲਮੇਲ ਕੀਤਾ ਜਾਵੇ ਜਾਂ ਜ਼ਿਲ੍ਹਾ ਭਾਸ਼ਾ ਦਫ਼ਤਰ, ਤਰਨ ਤਾਰਨ ਦੀ ਈ.ਮੇਲ. ਆਈ.ਡੀ. dlotarntarn@gmail.com 'ਤੇ ਭੇਜੀਆਂ ਜਾਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ