
ਚੰਡੀਗੜ੍ਹ, 29 ਜੂਨ (ਹਿੰ.ਸ.)। ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ 'ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਐਕਟ, 1956' ਵਿੱਚ ਇੱਕਪਾਸੜ ਸੋਧ ਕਰਨ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਡਾ. ਕਰੀਮਪੁਰੀ ਨੇ ਇਸ ਕਦਮ ਨੂੰ ਸਿੱਖ ਕੌਮ ਦੀ ਧਾਰਮਿਕ ਖ਼ੁਦਮੁਖ਼ਤਿਆਰੀ ਉੱਤੇ ਸਿੱਧਾ ਅਤੇ ਗ਼ੈਰ-ਸੰਵਿਧਾਨਕ ਹਮਲਾ ਕਰਾਰ ਦਿੱਤਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਬਹੁਤ ਹੀ ਗੰਭੀਰਤਾ ਅਤੇ ਦੂਰ-ਅੰਦੇਸ਼ੀ ਨਾਲ ਇਸ ਮੁੱਦੇ ਦੇ ਸਿਆਸੀ ਤੇ ਧਾਰਮਿਕ ਪਹਿਲੂਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਕੋਈ ਪ੍ਰਬੰਧਕੀ ਸੁਧਾਰ ਨਹੀਂ, ਬਲਕਿ ਸਿੱਖ ਸੰਸਥਾਵਾਂ ਦਾ ਸਰਕਾਰੀਕਰਨ ਕਰਨ ਦੀ ਇੱਕ ਵੱਡੀ ਸਾਜ਼ਿਸ਼ ਹੈ।
ਡਾ. ਕਰੀਮਪੁਰੀ ਨੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਸਿੱਖ ਜਗਤ ਨੂੰ ਸੁਚੇਤ ਕੀਤਾ ਕਿ ਭਾਜਪਾ ਦੀ ਇਹ ਰਣਨੀਤੀ ਬਹੁਤ ਪੁਰਾਣੀ ਅਤੇ ਯੋਜਨਾਬੱਧ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਵਿੱਚ ਅਸਿੱਧੇ ਢੰਗ ਨਾਲ ਦਖ਼ਲਅੰਦਾਜ਼ੀ ਕਰਕੇ ਕਬਜ਼ਾ ਜਮਾਇਆ। ਇਸ ਤੋਂ ਬਾਅਦ, ਹਰਿਆਣਾ ਦੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨਾਲੋਂ ਵੱਖ ਕਰਕੇ ਉੱਥੇ ਵੱਖਰੀ ਕਮੇਟੀ ਬਣਵਾਈ ਅਤੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਅਸਿੱਧੇ ਤੌਰ 'ਤੇ ਆਪਣੇ ਪ੍ਰਭਾਵ ਹੇਠ ਲਿਆ। ਦਿੱਲੀ ਅਤੇ ਹਰਿਆਣਾ ਦੇ ਤਜ਼ਰਬਿਆਂ ਤੋਂ ਬਾਅਦ, ਹੁਣ ਇਨ੍ਹਾਂ ਦਾ ਅਗਲਾ ਨਿਸ਼ਾਨਾ ਸਿੱਖ ਕੌਮ ਦੇ ਪਵਿੱਤਰ ਤਖ਼ਤ ਸਾਹਿਬਾਨ ਹਨ, ਜਿਸਦੀ ਸ਼ੁਰੂਆਤ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਕਾਨੂੰਨ ਵਿੱਚ ਬਦਲਾਅ ਕਰਕੇ ਕੀਤੀ ਜਾ ਰਹੀ ਹੈ।
ਬਸਪਾ ਪ੍ਰਧਾਨ ਨੇ ਕਿਹਾ ਕਿ ਪ੍ਰਸਤਾਵਿਤ ਸੋਧ ਮੁਤਾਬਕ 17 ਮੈਂਬਰੀ ਪ੍ਰਬੰਧਕੀ ਬੋਰਡ ਵਿੱਚ 12 ਮੈਂਬਰ ਸਿੱਧੇ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣਗੇ, ਜਦਕਿ ਪੰਥਕ ਸੰਸਥਾਵਾਂ ਜਿਵੇਂ ਸ਼੍ਰੋਮਣੀ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਅਤੇ ਹਜ਼ੂਰੀ ਸੱਚਖੰਡ ਦੀਵਾਨ ਦੀ ਨੁਮਾਇੰਦਗੀ ਨੂੰ ਬੇਅਸਰ ਜਾਂ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਫ਼ੈਸਲੇ ਲੈਣ ਵਾਲੇ ਬਹੁਗਿਣਤੀ ਮੈਂਬਰ ਸਰਕਾਰ ਦੇ ਇਸ਼ਾਰੇ 'ਤੇ ਚੱਲਣ ਵਾਲੇ ਹੋਣਗੇ, ਤਾਂ ਤਖ਼ਤ ਸਾਹਿਬ ਦੀ ਸੁਤੰਤਰ ਹੋਂਦ ਅਤੇ ਮਰਯਾਦਾ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ?
ਡਾ. ਕਰੀਮਪੁਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਕੌਮ ਨੇ ਆਪਣੇ ਗੁਰਧਾਮਾਂ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਸਰਕਾਰਾਂ ਨੂੰ ਸਿੱਖ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਜਿਹੇ ਸੰਵੇਦਨਸ਼ੀਲ ਧਾਰਮਿਕ ਮਾਮਲਿਆਂ ਵਿੱਚ ਸਿਆਸੀ ਲਾਹੇ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮਹਾਰਾਸ਼ਟਰ ਸਰਕਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ ਵਿੱਚ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦੀ ਇਕਪਾਸੜ ਸੋਧ ਨੂੰ ਤੁਰੰਤ ਵਾਪਸ ਲਵੇ ਅਤੇ 1956 ਦੇ ਮੂਲ ਐਕਟ ਦੀ ਭਾਵਨਾ ਨੂੰ ਬਹਾਲ ਰੱਖੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ