
ਲੁਧਿਆਣਾ, 29 ਜੂਨ (ਹਿੰ.ਸ.)| ਜਗਰਾਓਂ ਨੇੜਲੇ ਪਿੰਡ ਕੁਲਾਰ ਵਿੱਚ ਸੋਮਵਾਰ ਸਵੇਰੇ ਇੱਕ ਪਰਵਾਸੀ ਮਜ਼ਦੂਰ ਦੀ ਖੂਨ ਨਾਲ ਲੱਥਪੱਥ ਲਾਸ਼ ਖੇਤਾਂ ਵਿੱਚ ਬਣੀ ਮੋਟਰ ਕੋਲੋਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਥਾਣਾ ਚੌਕੀਮਾਨ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਈਕਲ ਵੇਚਣ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਮਜ਼ਦੂਰ ਦਾ ਕਤਲ ਕੀਤਾ ਗਿਆ।
ਮ੍ਰਿਤਕ ਦੀ ਪਛਾਣ ਕਰੀਬ 50 ਸਾਲਾ ਵੈਜਨਾਥ ਯਾਦਵ ਵਾਸੀ ਪਿੰਡ ਲਕਸ਼ਮੀਪੁਰ ਬਿਲਾਹੀ, ਜ਼ਿਲ੍ਹਾ ਬਿਹਾਰ ਵਜੋਂ ਹੋਈ ਹੈ। ਵੈਜਨਾਥ ਪਿਛਲੇ ਕਰੀਬ 22 ਸਾਲਾਂ ਤੋਂ ਪਿੰਡ ਕੁਲਾਰ ਵਿੱਚ ਪ੍ਰਦੀਪ ਸਿੰਘ ਦੇ ਖੇਤਾਂ ਦੀ ਮੋਟਰ 'ਤੇ ਰਹਿ ਕੇ ਮਜ਼ਦੂਰੀ ਕਰ ਰਿਹਾ ਸੀ। ਪੁਲਿਸ ਜਾਂਚ ਅਨੁਸਾਰ ਮੁੱਖ ਮੁਲਜ਼ਮ ਚਕਲੇਸ਼ ਯਾਦਵ ਵੀ ਮ੍ਰਿਤਕ ਦੇ ਹੀ ਪਿੰਡ ਦਾ ਵਸਨੀਕ ਹੈ। ਕੁਝ ਸਮਾਂ ਪਹਿਲਾਂ ਚਕਲੇਸ਼ ਨੇ ਵੈਜਨਾਥ ਦੀ ਸਾਈਕਲ ਵੇਚ ਦਿੱਤੀ ਸੀ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੇਰ ਰਾਤ ਇਹ ਝਗੜਾ ਵਧ ਗਿਆ ਅਤੇ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਵੈਜਨਾਥ ਦਾ ਕਤਲ ਕਰ ਦਿੱਤਾ।
ਸੋਮਵਾਰ ਸਵੇਰੇ ਜਦੋਂ ਖੇਤ ਮਾਲਕ ਮੋਟਰ 'ਤੇ ਪਹੁੰਚਿਆ ਤਾਂ ਉਸ ਨੇ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਿੰਡ ਵਾਸੀਆਂ ਮੁਤਾਬਕ, ਮ੍ਰਿਤਕ ਅਤੇ ਮੁਲਜ਼ਮ ਦੋਵੇਂ ਬਿਹਾਰ ਦੇ ਇੱਕੋ ਪਿੰਡ ਨਾਲ ਸਬੰਧਤ ਸਨ ਅਤੇ ਕਈ ਸਾਲਾਂ ਤੋਂ ਕੁਲਾਰ ਵਿੱਚ ਮਜ਼ਦੂਰੀ ਕਰ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਸ਼ਰਾਬ ਪੀਣ ਦੀ ਆਦਤ ਹੈ ਅਤੇ ਕਥਿਤ ਤੌਰ 'ਤੇ ਉਸ ਨੇ ਨਸ਼ੇ ਦੀ ਹਾਲਤ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਚੌਕੀਮਾਨ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਅਤੇ ਸਾਈਕਲ ਵੇਚਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਸਾਹਮਣੇ ਆਇਆ ਹੈ। ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH