ਨੀਟ ਪ੍ਰੀਖਿਆ ਮਾਮਲੇ ’ਚ ਕੇਂਦਰ ਸਰਕਾਰ ਨੇ 22 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਕੀਤਾ ਖਿਲਵਾੜ : ਸਿੰਗਲਾ
ਨੀਟ ਪੇਪਰ ਲੀਕ ਮਾਮਲੇ ਤੇ ਕਾਂਗਰਸ ਨੇ ਘੇਰੀ ਕੇਂਦਰ ਸਰਕਾਰ, ਸਿੱਖਿਆ ਮੰਤਰੀ ਦਾ ਮੰਗਿਆ ਅਸਤੀਫਾ
ਮੀਡੀਆ ਨੂੰ ਸੰਬੋਧਨ ਕਰਦੇ ਸਾਬਕਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ


ਬਠਿੰਡਾ, 29 ਜੂਨ (ਹਿੰ.ਸ.)। ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਕਾਂਗਰਸ ਸੜਕ ’ਤੇ ਉਤਰਦੀ ਹੋਈ ਨਜ਼ਰ ਆ ਰਹੀ ਹੈ। ਅੱਜ ਬਠਿੰਡਾ ਵਿਖੇ ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਅਤੇ ਦਿਹਾਤੀ ਦੇ ਪ੍ਰਧਾਨ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿੱਚ ਨੀਟ ਪ੍ਰੀਖਿਆ ਮਾਮਲੇ ਦੇ ਪੀੜਿਤ ਵਿਦਿਆਰਥੀਆਂ ਨਾਲ ਰਸਮੀ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਦੁੱਖ ਸੁੱਖ ਕੀਤੇ ਅਤੇ ਪੀੜਿਤ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਮੈਂਬਰ ਸੀ ਡਬਲਯੂ ਸੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਪੀੜਤ ਬੱਚਿਆਂ ਤੇ ਮਾਪਿਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਤੇ ਕੇਂਦਰ ਸਰਕਾਰ ਨੂੰ ਹਰ ਪਾਸੇ ਤੋਂ ਘੇਰਨ ਅਤੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ।

ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਨੀਟ ਪ੍ਰੀਖਿਆ ਲੀਕ ਮਾਮਲੇ ਤੇ ਮੋਦੀ ਸਰਕਾਰ ਦਾ ਦੇਸ਼ ਵਿਰੋਧੀ ਚਿਹਰਾ ਨੰਗਾ ਹੁੰਦਾ ਹੈ, ਕਿਉਂਕਿ 22 ਲੱਖ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਗਿਆ ਹੈ, ਜਦੋਂ ਕਿ ਇਸ ਮਸਲੇ ਤੇ ਮਹਿਜ 200 ਵਿਦਿਆਰਥੀਆਂ ਨੂੰ ਹੀ ਮੁਕਾਮ ਹਾਸਿਲ ਹੁੰਦੇ ਹਨ ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਵਿਦਿਆਰਥੀ ਉਸ ਮੁਕਾਮ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਸਿੱਖਿਆ ਪ੍ਰਣਾਲੀ ਦਾ ਸਿਸਟਮ ਦੇਸ਼ ਦੀ ਮੋਦੀ ਸਰਕਾਰ ਦੇ ਹੱਥੋਂ ਨਿਕਲ ਚੁੱਕਿਆ ਹੈ, ਜਿਸ ਕਰਕੇ ਪੇਪਰ ਲੀਕ ਹੋਣ ਕਰਕੇ ਪੜੇ ਲਿਖੇ ਵਿਦਿਆਰਥੀਆਂ ਨਾਲ ਧੋਖਾ ਹੋ ਰਿਹਾ ਹੈ। ਇਸ ਮਸਲੇ ਤੇ ਹੈਰਾਨਗੀ ਦੀ ਗੱਲ ਹੈ ਕਿ ਮੋਦੀ ਸਰਕਾਰ ਦਾ ਕੋਈ ਵੀ ਠੋਸ ਕਦਮ ਸਾਹਮਣੇ ਨਹੀਂ ਆਇਆ ਜਦੋਂ ਕਿ ਚਾਹੀਦਾ ਸੀ ਕਿ ਤੁਰੰਤ ਸਿੱਖਿਆ ਮੰਤਰੀ ਤੋਂ ਅਸਤੀਫਾ ਲਿਆ ਜਾਂਦਾ ਤੇ ਜਿੰਮੇਵਾਰ ਅਧਿਕਾਰੀਆਂ ਤੇ ਪਰਚਾ ਦਰਜ ਕੀਤਾ ਜਾਂਦਾ ਕਿਉਂਕਿ ਇਸ ਮਸਲੇ ਤੋਂ ਪੀੜਤ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਵੱਲੋਂ ਤਾਂ ਆਤਮ ਹੱਤਿਆ ਵੀ ਕਰ ਲਈ ਗਈ ਹੈ ਜੋ ਕੇਂਦਰ ਸਰਕਾਰ ਦੇ ਮੂੰਹ ਤੇ ਕਲੰਕ ਹੈ।

ਸਿੰਗਲਾ ਨੇ ਕਿਹਾ ਕਿ ਜੇਕਰ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਸਿਸਟਮ ਸਹੀ ਹੁੰਦਾ ਤਾਂ ਅੱਜ ਦੇਸ਼ ਦੇ ਹਾਲਾਤ ਹੋਰ ਹੋਣੇ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਇਸ ਮਸਲੇ ਨੂੰ ਬਾਖੂਬੀ ਉਠਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਖਿਲਾਫ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਿੱਥੇ 1 ਅਗਸਤ ਨੂੰ ਪੰਜਾਬ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ, ਉੱਥੇ ਹੀ 9 ਅਗਸਤ ਨੂੰ ਦਿੱਲੀ ਵਿਖੇ ਵੱਡੀ ਭਰਵੀਂ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਨੀਟ ਦੇ ਪੀੜਿਤ ਵਿਦਿਆਰਥੀ ਅਤੇ ਮਾਪੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।

ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਵਿੰਦਰ ਡਾਲਵੀਆ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੋ ਰੋਜ਼ ਕਿਸੇ ਨਾ ਕਿਸੇ ਮੁੱਦੇ ’ਤੇ ਮਨ ਕੀ ਬਾਤ ਕਰਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ 22 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਕੀਤੇ ਗਏ ਖਲਵਾੜ ਤੇ ਮਨ ਕੀ ਬਾਤ ਵਿੱਚ ਹੀ ਮਾਫੀ ਮੰਗਣ ਨਹੀਂ ਤਾਂ ਅਸਤੀਫਾ ਦੇ ਕੇ ਪਾਸੇ ਹੋਣ ਕਿਉਂਕਿ ਹੈਰਾਨਗੀ ਦੀ ਗੱਲ ਹੈ ਕਿ ਇਸ ਮਸਲੇ ’ਤੇ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ।

ਉਨ੍ਹਾਂ ਦੱਸਿਆ ਕਿ 9 ਅਗਸਤ ਦੀ ਦਿੱਲੀ ਰੈਲੀ ਵਿੱਚ ਪੰਜਾਬ ਸਮੇਤ ਬਠਿੰਡਾ ਤੋਂ ਕਾਫਲਿਆਂ ਦੇ ਰੂਪ ਵਿੱਚ ਕਾਂਗਰਸੀ ਵਰਕਰ ਲੀਡਰ ਅਤੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਪੀੜਿਤ ਵਿਦਿਆਰਥੀ ਤੇ ਮਾਪੇ ਇਸ ਰੈਲੀ ਲਈ ਸ਼ਮੂਲੀਅਤ ਕਰਨ ਲਈ ਰਵਾਨਾ ਹੋਣਗੇ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਪ੍ਰਧਾਨ ਮੰਤਰੀ ਸੱਚਮੁੱਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਤੇ ਗੰਭੀਰ ਹਨ ਤਾਂ ਉਹ ਤੁਰੰਤ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਸਿੱਖਿਆ ਮੰਤਰੀ ਸਮੇਤ ਅਧਿਕਾਰੀਆਂ ਨੂੰ ਸਜ਼ਾ ਦੇਣ ਨਹੀਂ ਤਾਂ ਉਹਨਾਂ ਨੂੰ ਡਰਾਮੇਬਾਜ਼ੀ ਕਰਨ ਦੀ ਕੋਈ ਜਰੂਰਤ ਨਹੀਂ। ਇਸ ਮੌਕੇ ਸਾਬਕਾ ਵਿਧਾਇਕ ਹਰਦੀਪ ਸਿੰਘ ਕਿੰਗਰਾ, ਜਗਦੇਵ ਸਿੰਘ ਕਮਾਲੂ, ਸਾਬਕਾ ਵਿਧਾਇਕ ਗੁਰਜੰਟ ਸਿੰਘ, ਸਾਬਕਾ ਕਾਰਜਕਾਰੀ ਮੇਹਰ ਅਸ਼ੋਕ ਕੁਮਾਰ, ਡੈਲੀਗੇਟ ਪੀਪੀ ਸੀਸੀ ਬਲਰਾਜ ਪੱਕਾ, ਡਾਇਰੈਕਟਰ ਮਾਰਕਫੈਡ ਟਹਿਲ ਸਿੰਘ ਸੰਧੂ, ਸਾਬਕਾ ਚੇਅਰਮੈਨ ਕੇਕੇ ਅਗਰਵਾਲ, ਪੀਪੀਸੀਸੀ ਮੈਂਬਰ ਪਵਨ ਮਾਨੀ, ਮੀਤ ਪ੍ਰਧਾਨ ਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਬਲਵੰਤ ਰਾਏ ਨਾਥ, ਕਿਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande