
ਗੁਰਦਾਸਪੁਰ, 30 ਜੂਨ (ਹਿੰ.ਸ.)| ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਚੋਰ ਸਿੱਧਵਾਂ ਵਿੱਚ ਦੇਰ ਰਾਤ ਅਣਪਛਾਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਮੌਜੂਦਾ ਸਰਪੰਚ ਮਨਜਿੰਦਰ ਸਿੰਘ ਦੇ ਘਰ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਹਮਲਾਵਰਾਂ ਨੇ ਘਰ ਦੇ ਗੇਟ ਦੇ ਸਾਹਮਣੇ ਪਹੁੰਚ ਕੇ 4 ਤੋਂ 5 ਰਾਊਂਡ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਘਰ ਦੇ ਗੇਟ ’ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਨੇ ਮੌਕੇ ਤੋਂ ਚਾਰ ਖਾਲੀ ਖੋਲ੍ਹ ਬਰਾਮਦ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 12 ਵਜੇ ਘਰ ਪਹੁੰਚੇ ਸਨ। ਇਸ ਤੋਂ ਬਾਅਦ ਰਾਤ ਲਗਭਗ ਡੇਢ ਵਜੇ ਉਨ੍ਹਾਂ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ, ਪਰ ਉਨ੍ਹਾਂ ਨੇ ਇਸਨੂੰ ਪਟਾਕਿਆਂ ਦੀ ਆਵਾਜ਼ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ।
ਸਵੇਰੇ ਜਦੋਂ ਉਹ ਉੱਠੇ ਤਾਂ ਘਰ ਦੇ ਅੰਦਰ ਗੋਲੀਆਂ ਦੇ ਖੋਲ੍ਹ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ। ਸਰਪੰਚ ਮਨਜਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਕਿਸੇ ਵੱਲੋਂ ਫਿਰੌਤੀ ਦੀ ਧਮਕੀ ਨਹੀਂ ਮਿਲੀ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨਾਲ ਅਜਿਹੀ ਕੋਈ ਦੁਸ਼ਮਣੀ ਹੈ, ਜਿਸ ਕਾਰਨ ਇਸ ਤਰ੍ਹਾਂ ਦੀ ਵਾਰਦਾਤ ਹੋ ਸਕਦੀ ਹੈ। ਸੂਚਨਾ ਮਿਲਦੇ ਹੀ ਡੀਐਸਪੀ ਸ਼ਾਹਬਾਜ਼ ਸਿੰਘ ਅਤੇ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH