
ਚੰਡੀਗੜ੍ਹ, 04 ਜੁਲਾਈ (ਹਿੰ.ਸ.)| ਹਰਿਆਣਾ ਸਰਕਾਰ ਨੇ ਰਾਜ ਦੇ ਸੈਰ-ਸਪਾਟਾ ਖੇਤਰ ਨੂੰ ਨਵੀਂ ਪਹਚਾਨ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਸਮੀਖਿਆ ਮੀਟਿੰਗ ਵਿੱਚ ਪਿੰਜੌਰ ਦੇ ਇਤਿਹਾਸਕ ਯਾਦਵਿੰਦਰਾ ਗਾਰਡਨ ਅਤੇ ਮੋਰਨੀ ਹਿਲਜ਼ ਦੇ ਟਿੱਕਰਤਾਲ ਨੂੰ ਆਧੁਨਿਕ ਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਪ੍ਰੋਜੈਕਟ ਤਹਿਤ ਕਰੀਬ 90 ਕਰੋੜ ਰੁਪਏ ਦੀ ਲਾਗਤ ਨਾਲ ਦੋਵੇਂ ਸੈਰ-ਸਪਾਟਾ ਸਥਾਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਨਾ ਸਿਰਫ਼ ਸੈਰ-ਸਪਾਟੇ ਨੂੰ ਵਾਧਾ ਮਿਲੇਗਾ, ਸਗੋਂ ਸਥਾਨਕ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ ਅਤੇ ਰਾਜ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।
ਯਾਦਵਿੰਦਰਾ ਗਾਰਡਨ ਦੇ ਨੇੜੇ “ਵਨ ਸਟਾਪ ਡੈਸਟਿਨੇਸ਼ਨ ਫਾਰ ਵੈਡਿੰਗ” ਤਿਆਰ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ, ਜਿਸ ਵਿੱਚ ਕਨਵੈਨਸ਼ਨ ਸੈਂਟਰ, ਐਗਜ਼ੀਬਿਸ਼ਨ ਸਹੂਲਤਾਂ ਅਤੇ ਹੋਰ ਆਧੁਨਿਕ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਸਦੇ ਨਾਲ ਹੀ ਪਬਲਿਕ-ਪ੍ਰਾਈਵੇਟ ਭਾਗੀਦਾਰੀ ਮਾਡਲ ਤਹਿਤ ਇੱਕ ਆਲੀਸ਼ਾਨ ਹੋਟਲ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਦੀ ਛੱਤ ’ਤੇ ਹੈਲੀਪੈਡ ਦੀ ਸਹੂਲਤ ਹੋਵੇਗੀ।
ਅਧਿਕਾਰੀਆਂ ਅਨੁਸਾਰ ਯਾਦਵਿੰਦਰਾ ਗਾਰਡਨ ਦੀ ਇਤਿਹਾਸਕ ਬਣਤਰ ਨੂੰ ਬਚਾਉਂਦੇ ਹੋਏ ਇਸ ਵਿੱਚ ਮਿਊਜ਼ਿਕਲ ਫਾਊਂਟੇਨ, ਬਟਰਫਲਾਈ ਪਾਰਕ ਅਤੇ ਐਕੁਏਰੀਅਮ ਵਰਗੀਆਂ ਆਧੁਨਿਕ ਸੁਵਿਧਾਵਾਂ ਜੋੜੀਆਂ ਜਾਣਗੀਆਂ, ਜੋ ਸੈਲਾਨੀਆਂ ਲਈ ਵੱਡਾ ਆਕਰਸ਼ਣ ਬਣਨਗੀਆਂ।
ਦੂਜੇ ਪਾਸੇ ਟਿੱਕਰਤਾਲ ਨੂੰ ਐਡਵੈਂਚਰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ। ਇੱਥੇ ਐਡਵੈਂਚਰ ਪਾਰਕ, ਬੋਟਿੰਗ ਅਤੇ ਹੋਰ ਆਕਰਸ਼ਕ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੋਜੈਕਟ ਹਰਿਆਣਾ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਮਜ਼ਬੂਤ ਸਥਾਨ ਦਿਵਾਏਗਾ ਅਤੇ ਰਾਜ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH