
ਚੰਡੀਗੜ੍ਹ, 30 ਜੂਨ (ਹਿੰ.ਸ.)| 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਅਤੇ ਨਿਰਵਿਘਨ ਢੰਗ ਨਾਲ ਸੰਪੰਨ ਕਰਵਾਉਣ ਲਈ ਪੰਜਾਬ ਪੁਲਿਸ, ਭਾਰਤੀ ਫੌਜ, ਬੀਐੱਸਐੱਫ, ਸੀਆਰਪੀਐੱਫ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ 'ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਸ਼ਰਧਾਲੂਆਂ ਦੀ ਆਵਾਜਾਈ 1 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।
ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਪੈਰਾਮਿਲਟਰੀ ਫੋਰਸ ਦੀਆਂ 9 ਕੰਪਨੀਆਂ ਮੁਹੱਈਆ ਕਰਵਾਈਆਂ ਹਨ। ਇਨ੍ਹਾਂ ਨੂੰ ਸੰਵੇਦਨਸ਼ੀਲ ਥਾਵਾਂ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ, ਜਦਕਿ ਲੋੜ ਪੈਣ 'ਤੇ ਹੋਰ ਕੰਪਨੀਆਂ ਵੀ ਭੇਜੀਆਂ ਜਾ ਸਕਦੀਆਂ ਹਨ। ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹੇ, ਇਸ ਲਈ ਆਧੁਨਿਕ ਤਕਨੀਕ, ਸੀਸੀਟੀਵੀ ਨਿਗਰਾਨੀ, ਉੱਨਤ ਹਥਿਆਰ ਪ੍ਰਣਾਲੀ ਅਤੇ ਹੋਰ ਅਤਿ-ਆਧੁਨਿਕ ਸੁਰੱਖਿਆ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸ਼ਰਧਾਲੂਆਂ ਦੀ ਸਹੂਲਤ ਲਈ ਯਾਤਰਾ ਮਾਰਗ 'ਤੇ ਵੱਖ-ਵੱਖ ਥਾਵਾਂ 'ਤੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਐੱਸਐੱਸਪੀ ਅਤੇ ਡੀਆਈਜੀ ਪੱਧਰ ਦੇ ਅਧਿਕਾਰੀਆਂ ਵੱਲੋਂ ਲੰਗਰ ਕਮੇਟੀਆਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਕੇ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਚੁੱਕੀ ਹੈ। ਜੇਕਰ ਮੌਸਮ ਜਾਂ ਕਿਸੇ ਐਮਰਜੈਂਸੀ ਕਾਰਨ ਸ਼ਰਧਾਲੂਆਂ ਨੂੰ ਪੰਜਾਬ ਵਿੱਚ ਰੋਕਣਾ ਪੈਂਦਾ ਹੈ ਤਾਂ ਪਠਾਨਕੋਟ ਵਿੱਚ ਉਨ੍ਹਾਂ ਦੇ ਰਹਿਣ ਅਤੇ ਭੋਜਨ ਲਈ ਵਿਸ਼ੇਸ਼ ਕੰਟੀਜੈਂਸੀ ਯੋਜਨਾ ਤਿਆਰ ਕੀਤੀ ਗਈ ਹੈ। ਹਾਲਾਂਕਿ ਜੰਮੂ-ਕਸ਼ਮੀਰ ਸਰਕਾਰ ਵੱਲੋਂ ਕਠੂਆ ਜ਼ਿਲ੍ਹੇ ਵਿੱਚ ਵੀ ਯਾਤਰੀਆਂ ਲਈ ਵੱਡੇ ਪੱਧਰ 'ਤੇ ਠਹਿਰਨ ਦੀ ਵਿਵਸਥਾ ਕੀਤੀ ਗਈ ਹੈ।
ਸ਼ਰਧਾਲੂਆਂ ਦੀ ਸੁਰੱਖਿਆ ਲਈ ਮਾਧੋਪੁਰ ਸਰਹੱਦ 'ਤੇ ਤਿੰਨ-ਪੱਧਰੀ ਸੁਰੱਖਿਆ ਘੇਰਾ ਬਣਾਇਆ ਗਿਆ ਹੈ। ਇੱਥੇ ਆਧੁਨਿਕ ਕਮਾਂਡ ਸੈਂਟਰ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਗਿਆ ਹੈ, ਜਿੱਥੇ ਸੀਸੀਟੀਵੀ ਕੈਮਰੇ, ਸ਼ੈੱਡ, ਪੀਣ ਵਾਲੇ ਪਾਣੀ ਦੀ ਸਹੂਲਤ, ਟਾਇਲਟ ਅਤੇ ਹੋਰ ਬੁਨਿਆਦੀ ਸਹੂਲਤਾਂ ਉਪਲਬਧ ਹਨ। ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ 7 ਕੁਇੱਕ ਰਿਸਪਾਂਸ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਪੁਲਿਸ ਸੂਤਰਾਂ ਅਨੁਸਾਰ ਪਟਿਆਲਾ ਦੇ ਸ਼ੰਭੂ ਬੈਰੀਅਰ ਤੋਂ ਲੈ ਕੇ ਮਾਧੋਪੁਰ ਤੱਕ ਸੁਰੱਖਿਆ ਏਜੰਸੀਆਂ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਪਠਾਨਕੋਟ ਗੋਲ ਚੌਕ ਤੱਕ ਪੂਰੇ ਰੂਟ 'ਤੇ ਬੱਸ ਪੈਟਰੋਲਿੰਗ ਅਤੇ ਨਾਕਾਬੰਦੀ ਕੀਤੀ ਜਾਵੇਗੀ। ਬਠਿੰਡਾ, ਖੰਨਾ, ਪਟਿਆਲਾ ਅਤੇ ਬਰਨਾਲਾ ਤੋਂ ਲੁਧਿਆਣਾ ਨੂੰ ਆਉਣ ਵਾਲੀਆਂ ਲਿੰਕ ਸੜਕਾਂ 'ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ।
ਅਮਰਨਾਥ ਯਾਤਰਾ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਪਠਾਨਕੋਟ ਵਿੱਚ ਡੀਜੀਪੀ (ਲਾਅ ਐਂਡ ਆਰਡਰ) ਪ੍ਰਵੀਣ ਕੁਮਾਰ ਸਿਨ੍ਹਾ ਦੀ ਅਗਵਾਈ ਹੇਠ ਉੱਚ ਪੱਧਰੀ ਇੰਟਰ ਏਜੰਸੀ ਕੋਆਰਡੀਨੇਸ਼ਨ ਮੀਟਿੰਗ ਵੀ ਹੋਈ। ਇਸ ਵਿੱਚ ਫੌਜ, ਪੁਲਿਸ, ਬੀਐੱਸਐੱਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸੁਰੱਖਿਆ ਅਤੇ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਡੀਜੀਪੀ ਪ੍ਰਵੀਣ ਕੁਮਾਰ ਸਿਨ੍ਹਾ ਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਇੱਕ ਅਚਾਨਕ ਵਾਪਰੀ ਘਟਨਾ ਸੀ, ਜਦਕਿ ਅਮਰਨਾਥ ਯਾਤਰਾ ਪਹਿਲਾਂ ਤੋਂ ਐਲਾਨੀ ਹੋਈ ਅਤੇ ਸੁਚੱਜੇ ਢੰਗ ਨਾਲ ਯੋਜਨਾਬੱਧ ਯਾਤਰਾ ਹੈ, ਜੋ ਕਰੀਬ ਡੇਢ ਤੋਂ ਪੌਣੇ ਦੋ ਮਹੀਨੇ ਤੱਕ ਚੱਲੇਗੀ। ਇਸ ਲਈ ਹਰ ਸੰਭਾਵਿਤ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH