
ਕਪੂਰਥਲਾ, 30 ਜੂਨ (ਹਿੰ.ਸ.)। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਜ਼ਿਲ੍ਹੇ ਵਿੱਚ 25 ਜੂਨ 2026 ਤੋਂ ਵੋਟਰ ਸੂਚੀਆਂ ਦੀ ਐਸ ਆਈ ਆਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਨੇ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਦੇਰ ਸ਼ਾਮ ਤਕ 6,09,744 ਗਣਨਾ ਫਾਰਮ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 791 ਪੋਲਿੰਗ ਸਟੇਸ਼ਨਾਂ, ਵਾਰਡਾਂ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 6,14,981 ਵੋਟਰਾਂ ਤੱਕ ਇਹ ਗਣਨਾ ਫਾਰਮ ਵੰਡਣ ਲਈ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਚੋਣ ਅਮਲੇ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਕੋਈ ਵੀ ਯੋਗ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹਿ ਜਾਵੇ।ਜ਼ਿਲ੍ਹਾ ਚੋਣ ਅਫ਼ਸਰ ਨੇ ਫਾਰਮ ਵੰਡਣ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਸਪੱਸ਼ਟ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਹਰੇਕ ਬੀ.ਐਲ.ਓ. ਵੱਲੋਂ ਹਰੇਕ ਘਰ ਵਿੱਚ ਵੱਧ ਤੋਂ ਵੱਧ ਤਿੰਨ ਵਾਰ ਫੇਰੀ ਪਾਈ ਜਾਵੇਗੀ। ਜੇਕਰ ਕੋਈ ਘਰ ਬੰਦ ਮਿਲਦਾ ਹੈ, ਤਾਂ ਬੀ.ਐਲ.ਓ. ਗਣਨਾ ਫਾਰਮ ਨੂੰ ਦਰਵਾਜ਼ੇ 'ਤੇ ਛੱਡ ਕੇ ਜਾਵੇਗਾ। ਹਰੇਕ ਵੋਟਰ ਨੂੰ ਪਹਿਲਾਂ ਤੋਂ ਛਪੇ ਹੋਏ ਫਾਰਮ ਦੀਆਂ ਦੋ ਕਾਪੀਆਂ ਮਿਲਣਗੀਆਂ, ਜਿਨ੍ਹਾਂ ਵਿੱਚੋਂ ਇੱਕ ਅਸਲ ਅਤੇ ਇੱਕ ਡੁਪਲੀਕੇਟ ਹੋਵੇਗੀ। ਵੋਟਰਾਂ ਨੂੰ ਅਸਲ ਫਾਰਮ ਭਰ ਕੇ ਬੀ.ਐਲ.ਓ. ਦੀ ਅਗਲੀ ਫੇਰੀ ਸਮੇਂ ਉਸਨੂੰ ਵਾਪਸ ਸੌਂਪਣਾ ਹੋਵੇਗਾ, ਜਿਸ ਤੋਂ ਬਾਅਦ ਬੀ.ਐਲ.ਓ. ਵੱਲੋਂ ਰਸੀਦ ਜਾਰੀ ਕੀਤੀ ਜਾਵੇਗੀ ਅਤੇ ਡੁਪਲੀਕੇਟ ਕਾਪੀ ਵੋਟਰ ਆਪਣੇ ਕੋਲ ਰਿਕਾਰਡ ਵਜੋਂ ਰੱਖਣਗੇ। ਜੇਕਰ ਮੁੱਖ ਵੋਟਰ ਘਰ ਵਿੱਚ ਉਪਲਬਧ ਨਹੀਂ ਹੈ, ਤਾਂ ਇਹ ਫਾਰਮ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਹਾਲੇ ਤੱਕ ਫਾਰਮ ਨਹੀਂ ਮਿਲਿਆ, ਉਹ ਦਿੱਤੇ ਗਏ ਸੰਪਰਕ ਨੰਬਰਾਂ ਰਾਹੀਂ ਆਪਣੇ ਬੀ.ਐਲ.ਓ. ਨਾਲ ਰਾਬਤਾ ਕਾਇਮ ਕਰ ਸਕਦੇ ਹਨ ਜਾਂ ਬੀ.ਐਲ.ਓ. ਨਾਲ ਗੱਲ ਕਰੋ ਸਹੂਲਤ ਦਾ ਲਾਭ ਉਠਾ ਸਕਦੇ ਹਨ। ਜ਼ਿਲ੍ਹਾ ਚੋਣ ਅਫਸਰ ਨੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਇਹ ਗਣਨਾ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ ਅਤੇ ਵੋਟਰ ਸੂਚੀਆਂ ਦੀ ਖਰੜਾ ਪ੍ਰਕਾਸ਼ਨ 03 ਅਗਸਤ 2026 ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ, ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ 03 ਅਗਸਤ ਤੋਂ 02 ਸਤੰਬਰ 2026 ਤੱਕ ਦਰਜ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਦਾ ਨਿਪਟਾਰਾ 03 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨ 01 ਅਕਤੂਬਰ 2026 ਨੂੰ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵੋਟਰ ਸੂਚੀਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਆਮ ਲੋਕ ਜ਼ਿਲ੍ਹਾ ਚੋਣ ਦਫ਼ਤਰ ਦੇ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 'ਤੇ ਵੀ ਸੰਪਰਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ