ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਤੋੜਿਆ ਰਿਕਾਰਡ, 16,940 ਮੈਗਾਵਾਟ 'ਤੇ ਪਹੁੰਚੀ; 17 ਹਜ਼ਾਰ ਮੈਗਾਵਾਟ ਪਾਰ ਜਾਣ ਦੀ ਸੰਭਾਵਨਾ
ਚੰਡੀਗੜ੍ਹ, 30 ਜੂਨ (ਹਿੰ.ਸ.)| ਭਿਆਨਕ ਗਰਮੀ ਅਤੇ ਉਮਸ ਦੇ ਮੱਦੇਨਜ਼ਰ ਪੰਜਾਬ ਵਿੱਚ ਬਿਜਲੀ ਦੀ ਮੰਗ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ''ਤੇ ਪਹੁੰਚ ਗਈ ਹੈ। ਸੋਮਵਾਰ ਦੇਰ ਰਾਤ ਤੱਕ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16,940 ਮੈਗਾਵਾਟ ਦਰਜ ਕੀਤੀ ਗਈ, ਜੋ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰ
ਬਿਜਲੀ ਵਿਭਾਗ ਦੀ 66ਕੇ.ਵੀ. ਗਰਿੱਡ ਦੀ ਫੋਟੋ।


ਚੰਡੀਗੜ੍ਹ, 30 ਜੂਨ (ਹਿੰ.ਸ.)| ਭਿਆਨਕ ਗਰਮੀ ਅਤੇ ਉਮਸ ਦੇ ਮੱਦੇਨਜ਼ਰ ਪੰਜਾਬ ਵਿੱਚ ਬਿਜਲੀ ਦੀ ਮੰਗ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਸੋਮਵਾਰ ਦੇਰ ਰਾਤ ਤੱਕ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16,940 ਮੈਗਾਵਾਟ ਦਰਜ ਕੀਤੀ ਗਈ, ਜੋ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।

ਅੰਕੜਿਆਂ ਅਨੁਸਾਰ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। 29 ਜੂਨ 2025 ਨੂੰ ਸੂਬੇ ਵਿੱਚ ਬਿਜਲੀ ਦੀ ਪੀਕ ਮੰਗ 15,421 ਮੈਗਾਵਾਟ ਸੀ, ਜਦਕਿ ਇਸ ਵਾਰ ਇਹ ਵੱਧ ਕੇ 16,940 ਮੈਗਾਵਾਟ ਹੋ ਗਈ ਹੈ।

ਪਿਛਲੇ ਕੁਝ ਦਿਨਾਂ ਦੌਰਾਨ ਵੀ ਬਿਜਲੀ ਦੀ ਮੰਗ ਲਗਾਤਾਰ ਵਧਦੀ ਰਹੀ। 28 ਜੂਨ ਨੂੰ 16,844 ਮੈਗਾਵਾਟ, 27 ਜੂਨ ਨੂੰ 16,604 ਮੈਗਾਵਾਟ, 26 ਜੂਨ ਨੂੰ 16,464 ਮੈਗਾਵਾਟ, 25 ਜੂਨ ਨੂੰ 16,335 ਮੈਗਾਵਾਟ ਅਤੇ 24 ਜੂਨ ਨੂੰ 15,980 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਅਧਿਕਾਰੀਆਂ ਮੁਤਾਬਕ ਜੇਕਰ ਗਰਮੀ ਦਾ ਇਹੀ ਦੌਰ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਮੰਗ 17,000 ਮੈਗਾਵਾਟ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ।

ਵਧਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਦੇ ਥਰਮਲ ਅਤੇ ਜਲ-ਬਿਜਲੀ ਘਰਾਂ ਵਿੱਚ ਬਿਜਲੀ ਉਤਪਾਦਨ ਵਧਾ ਦਿੱਤਾ ਗਿਆ ਹੈ। ਰੋਪੜ ਥਰਮਲ ਪਲਾਂਟ ਦੀਆਂ ਚਾਰੋਂ ਇਕਾਈਆਂ ਤੋਂ 524 ਮੈਗਾਵਾਟ, ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਤਿੰਨ ਇਕਾਈਆਂ ਤੋਂ 562 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੀਆਂ ਦੋ ਇਕਾਈਆਂ ਤੋਂ 490 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ।

ਨਿੱਜੀ ਖੇਤਰ ਦੇ ਪਲਾਂਟਾਂ ਵਿੱਚ ਰਾਜਪੁਰਾ ਥਰਮਲ ਪਲਾਂਟ ਨੇ 1,326 ਮੈਗਾਵਾਟ ਅਤੇ ਸੂਬੇ ਦੇ ਸਭ ਤੋਂ ਵੱਡੇ ਤਲਵੰਡੀ ਸਾਬੋ ਥਰਮਲ ਪਲਾਂਟ ਨੇ ਆਪਣੀਆਂ ਤਿੰਨੋਂ ਇਕਾਈਆਂ ਰਾਹੀਂ 1,618 ਮੈਗਾਵਾਟ ਬਿਜਲੀ ਪੈਦਾ ਕੀਤੀ।

ਇਸ ਤੋਂ ਇਲਾਵਾ ਪੰਜਾਬ ਦੇ ਜਲ-ਬਿਜਲੀ ਪ੍ਰੋਜੈਕਟਾਂ ਤੋਂ ਕੁੱਲ 972 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ। ਰਣਜੀਤ ਸਾਗਰ ਡੈਮ ਤੋਂ 545 ਮੈਗਾਵਾਟ, ਅਨੰਦਪੁਰ ਸਾਹਿਬ ਜਲ-ਬਿਜਲੀ ਪ੍ਰੋਜੈਕਟ ਤੋਂ 110 ਮੈਗਾਵਾਟ ਅਤੇ ਸ਼ਾਨਨ ਹਾਈਡਲ ਪਾਵਰ ਪ੍ਰੋਜੈਕਟ ਤੋਂ 82 ਮੈਗਾਵਾਟ ਬਿਜਲੀ ਤਿਆਰ ਕੀਤੀ ਗਈ।

ਸਰਕਾਰੀ ਥਰਮਲ, ਜਲ-ਬਿਜਲੀ, ਸੂਰਜੀ ਅਤੇ ਹੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਤੋਂ ਸੋਮਵਾਰ ਨੂੰ ਕੁੱਲ ਕਰੀਬ 5,787 ਮੈਗਾਵਾਟ ਬਿਜਲੀ ਉਤਪਾਦਿਤ ਕੀਤੀ ਗਈ, ਜਦਕਿ ਬਾਕੀ ਲੋੜ ਕੇਂਦਰੀ ਬਿਜਲੀ ਪੂਲ ਅਤੇ ਹੋਰ ਸਰੋਤਾਂ ਤੋਂ ਪੂਰੀ ਕੀਤੀ ਗਈ।

ਇਸ ਦੌਰਾਨ ਸੂਬੇ ਦੇ ਕਈ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਲੋਕਾਂ ਨੇ ਦਿਨ ਅਤੇ ਰਾਤ ਸਮੇਂ ਅਣਐਲਾਨੇ ਬਿਜਲੀ ਕੱਟ ਲੱਗਣ ਦੀ ਸ਼ਿਕਾਇਤ ਕੀਤੀ। ਹਾਲਾਂਕਿ, ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਯੋਜਨਾਬੱਧ ਬਿਜਲੀ ਕਟੌਤੀ ਤੋਂ ਇਨਕਾਰ ਕੀਤਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande