
ਅਬੋਹਰ, 30 ਜੂਨ (ਹਿੰ.ਸ.)| ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਤਹਿਤ ਅਬੋਹਰ ਵਿੱਚ ਦੂਜੇ ਦਿਨ 6,492 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਦੋ ਦਿਨਾਂ ਵਿੱਚ ਕੁੱਲ 14,807 ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾ ਕੇ ਲਗਭਗ 73 ਫੀਸਦੀ ਟੀਚਾ ਹਾਸਲ ਕਰ ਲਿਆ ਗਿਆ ਹੈ।
ਇਹ ਜਾਣਕਾਰੀ ਐਸ.ਐਮ.ਓ. ਡਾ. ਸੁਮੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਡਾ. ਕਵਿਤਾ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਦੇ ਨਿਰਦੇਸ਼ਾਂ ਅਤੇ ਨੋਡਲ ਅਫ਼ਸਰ ਡਾ. ਮੁਕੇਸ਼ ਕੁਮਾਰ ਦੀ ਦੇਖ-ਰੇਖ ਹੇਠ ਇਹ ਮੁਹਿੰਮ ਚਲਾਈ ਜਾ ਰਹੀ ਹੈ।
ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਮਾਪਿਆਂ ਦੇ ਪੰਜ ਸਾਲ ਤੱਕ ਦੇ ਬੱਚੇ ਕਿਸੇ ਕਾਰਨ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਹਨ, ਉਹ ਘਰ-ਘਰ ਪਹੁੰਚ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਰਾਹੀਂ ਆਪਣੇ ਬੱਚਿਆਂ ਨੂੰ ਜ਼ਰੂਰ ਪੋਲੀਓ ਰੋਕੂ ਬੂੰਦਾਂ ਪਿਲਾਉਣ, ਤਾਂ ਜੋ 100 ਫੀਸਦੀ ਟੀਚਾ ਪ੍ਰਾਪਤ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਖੁਦ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਟੀਮਾਂ ਦਾ ਹੌਂਸਲਾ ਵੀ ਵਧਾਇਆ।
ਨੋਡਲ ਅਫ਼ਸਰ ਡਾ. ਮੁਕੇਸ਼ ਕੁਮਾਰ ਅਤੇ ਮਾਸ ਮੀਡੀਆ ਵਿੰਗ ਦੇ ਮਨਬੀਰ ਸਿੰਘ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਨੇ ਘਰ-ਘਰ ਜਾ ਕੇ ਖਾਸ ਕਰਕੇ ਹਾਈ ਰਿਸਕ ਇਲਾਕਿਆਂ ਅਤੇ ਸਲੱਮ ਬਸਤੀਆਂ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ। ਹੁਣ ਤੱਕ ਮੁਹਿੰਮ ਤਹਿਤ 72.26 ਫੀਸਦੀ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ, ਆਸ਼ਾ ਵਰਕਰਾਂ, ਨਰਸਿੰਗ ਵਿਦਿਆਰਥੀਆਂ ਅਤੇ ਵਲੰਟੀਅਰਾਂ ਦੀਆਂ ਕਰੀਬ 155 ਟੀਮਾਂ ਮੈਦਾਨ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਮੁਹਿੰਮ ਵਿੱਚ ਮੀਰਾ ਨਰਸਿੰਗ ਕਾਲਜ, ਸੱਚਖੰਡ ਨਰਸਿੰਗ ਕਾਲਜ, ਸਰਸਵਤੀ ਨਰਸਿੰਗ ਕਾਲਜ ਅਤੇ ਸਰਦਾਰ ਪਟੇਲ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਆਂਗਣਵਾੜੀ ਹੈਲਪਰਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਪੀ.ਪੀ. ਯੂਨਿਟ ਇੰਚਾਰਜ ਦਿਨੇਸ਼ ਰਾਣੀ, ਭਾਰਤ ਸੇਠੀ, ਅੰਕੁਸ਼ ਕੁਮਾਰ, ਲਖਵਿੰਦਰ ਕੌਰ, ਸੰਜੈ ਕੁਮਾਰ, ਡਿੰਪਲ, ਰੀਆ, ਲੱਛਮੀ ਰਾਣੀ, ਸੁਰਿੰਦਰ ਕੌਰ, ਛਿੰਦਰ ਕੌਰ ਸਮੇਤ ਹੋਰ ਸਿਹਤ ਕਰਮਚਾਰੀ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH