
ਮੋਹਾਲੀ, 30 ਜੂਨ (ਹਿੰ.ਸ.)| ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼ਰਧਾਲੂਆਂ ਨਾਲ ਭਰੀਆਂ ਦੋ ਹੋਰ ਬੱਸਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤੀਆਂ ਗਈਆਂ। ਇਹ ਬੱਸਾਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਰਵਾਨਾ ਹੋਈਆਂ, ਜਦਕਿ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ ਨੇ ਉਨ੍ਹਾਂ ਨੂੰ ਹਰੀ ਝੰਡੀ ਦਿਖਾਈ।
ਇਨ੍ਹਾਂ ਵਿੱਚੋਂ ਇੱਕ ਬੱਸ ਪਿੰਡ ਦੁਰਾਲੀ (ਸੈਕਟਰ-101) ਅਤੇ ਦੂਜੀ ਪਿੰਡ ਮੋਟੇਮਾਜਰਾ ਤੋਂ ਰਵਾਨਾ ਹੋਈ। ਦੁਰਾਲੀ ਤੋਂ ਕਰਮਜੀਤ ਸਿੰਘ ਅਤੇ ਮੋਟੇਮਾਜਰਾ ਤੋਂ ਸਰਪੰਚ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸ਼ਰਧਾਲੂ ਯਾਤਰਾ ਲਈ ਰਵਾਨਾ ਹੋਏ।
ਫੂਲਰਾਜ ਸਿੰਘ ਨੇ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਸ੍ਰੀ ਰਾਮ ਤੀਰਥ ਵਾਲਮੀਕੀ ਮੰਦਰ, ਵਾਹਗਾ ਸਰਹੱਦ ਅਤੇ ਜਲ੍ਹਿਆਂਵਾਲਾ ਬਾਗ ਦੇ ਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਸੰਗਤ ਦੇ ਰੂਪ ਵਿੱਚ ਤੀਰਥ ਯਾਤਰਾ 'ਤੇ ਜਾਣ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਕੋਈ ਇਸ ਯਾਤਰਾ ਨੂੰ ਇੱਕ ਵਿਲੱਖਣ ਅਨੁਭਵ ਵਜੋਂ ਦੇਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੇ ਇਸ ਮੌਕੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਤੀਰਥ ਯਾਤਰਾ ਯੋਜਨਾ ਲਈ ਵੱਡੀ ਗਿਣਤੀ ਵਿੱਚ ਲੋਕ ਰਜਿਸਟ੍ਰੇਸ਼ਨ ਕਰਵਾ ਰਹੇ ਹਨ।
ਫੂਲਰਾਜ ਸਿੰਘ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਅਤੇ ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਨਿਯਮਿਤ ਤੌਰ 'ਤੇ ਬੱਸਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜੁਲਾਈ ਮਹੀਨੇ ਤੋਂ ਇਸ ਯੋਜਨਾ ਤਹਿਤ ਤੀਜੀ ਬੱਸ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਹੋਰ ਵੱਧ ਸ਼ਰਧਾਲੂ ਇਸ ਸਹੂਲਤ ਦਾ ਲਾਭ ਲੈ ਸਕਣਗੇ।
ਇਸ ਮੌਕੇ ਕਰਮਜੀਤ ਸਿੰਘ, ਹਰਜਿੰਦਰ ਸਿੰਘ, ਸਰਦਾਰਾ ਸਿੰਘ, ਸੋਹਣ ਸਿੰਘ, ਧੰਨਾ ਸਿੰਘ, ਚੇਤਨ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਮੇਵਾ ਸਿੰਘ, ਪਿਆਰਾ ਸਿੰਘ, ਹਰੀ ਸਿੰਘ, ਜੱਗਾ ਸਿੰਘ, ਹਰਜਿੰਦਰ ਸਿੰਘ ਲੰਬੜਦਾਰ, ਸੋਮ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH