ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰ ਰਹੀ : ਚੇਅਰਮੈਨ ਮਹਿਤਾ
ਪਟਿਆਲਾ, 01 ਜੁਲਾਈ (ਹਿੰ.ਸ.)। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬੁੱਧਵਾਰ ਸਵੇਰੇ ਪਟਿਆਲਾ ਦੇ ਪੋਲੋ ਗਰਾਊਂਡ ਦਾ ਦੌਰਾ ਕਰਕੇ ਉੱਥੇ ਖਿਡਾਰੀਆਂ ਲਈ ਉਪਲਬਧ ਖੇਡ ਸਹੂਲਤਾਂ, ਸਿਖਲਾਈ ਪ੍ਰਬੰਧਾਂ ਅਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲ
ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਖੇਡ ਸਹੂਲਤਾਂ ਦਾ ਨਿਰੀਖਣ ਕਰਦੇ ਅਤੇ ਕੋਚਾਂ ਤੋਂ ਜਾਣਕਾਰੀ ਲੈਂਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ।


ਪਟਿਆਲਾ, 01 ਜੁਲਾਈ (ਹਿੰ.ਸ.)। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬੁੱਧਵਾਰ ਸਵੇਰੇ ਪਟਿਆਲਾ ਦੇ ਪੋਲੋ ਗਰਾਊਂਡ ਦਾ ਦੌਰਾ ਕਰਕੇ ਉੱਥੇ ਖਿਡਾਰੀਆਂ ਲਈ ਉਪਲਬਧ ਖੇਡ ਸਹੂਲਤਾਂ, ਸਿਖਲਾਈ ਪ੍ਰਬੰਧਾਂ ਅਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਫੈਂਸਿੰਗ, ਬਾਕਸਿੰਗ, ਜੂਡੋ, ਬੈਡਮਿੰਟਨ, ਐਥਲੈਟਿਕਸ ਸਮੇਤ ਹੋਰਨਾਂ ਖੇਡਾਂ ਦੀ ਸਿਖਲਾਈ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਖੇਡਾਂ ਦੇ ਕੋਚਾਂ ਅਤੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਸਿਖਲਾਈ ਅਤੇ ਖੇਡ ਸਹੂਲਤਾਂ ਸਬੰਧੀ ਫੀਡਬੈਕ ਪ੍ਰਾਪਤ ਕੀਤਾ।

ਦੌਰੇ ਦੌਰਾਨ ਜ਼ਿਲ੍ਹਾ ਖੇਡ ਅਧਿਕਾਰੀ (ਡੀਐਸਓ) ਨਵਜੋਤ ਧਾਲੀਵਾਲ ਨੇ ਪੋਲੋ ਗਰਾਊਂਡ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਅਤੇ ਲੋੜਾਂ ਚੇਅਰਮੈਨ ਮਹਿਤਾ ਦੇ ਧਿਆਨ ਵਿੱਚ ਲਿਆਂਦੀਆਂ। ਚੇਅਰਮੈਨ ਮਹਿਤਾ ਨੇ ਭਰੋਸਾ ਦਿੱਤਾ ਕਿ ਖਿਡਾਰੀਆਂ ਅਤੇ ਖੇਡ ਵਿਭਾਗ ਵੱਲੋਂ ਉਠਾਏ ਗਏ ਜਾਇਜ਼ ਮਸਲਿਆਂ ਦਾ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਜਲਦੀ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਲੋੜ ਪਵੇਗੀ, ਉੱਥੇ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਵੀ ਫੰਡ ਉਪਲਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਖਿਡਾਰੀਆਂ ਨੂੰ ਹੋਰ ਬਿਹਤਰ ਖੇਡ ਸਹੂਲਤਾਂ ਮਿਲ ਸਕਣ।

ਚੇਅਰਮੈਨ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਖੇਡ ਮੈਦਾਨਾਂ ਨਾਲ ਜੁੜਦੇ ਹਨ ਤਾਂ ਉਨ੍ਹਾਂ ਦੀ ਊਰਜਾ ਸਕਾਰਾਤਮਕ ਦਿਸ਼ਾ ਵੱਲ ਲੱਗਦੀ ਹੈ ਅਤੇ ਉਹ ਸਿਹਤਮੰਦ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਸੋਚ ਨਾਲ ਪੰਜਾਬ ਸਰਕਾਰ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਚੇਅਰਮੈਨ ਨੇ ਕਿਹਾ ਕਿ ਪਟਿਆਲਾ ਦੀ ਦੇਸ਼ ਅਤੇ ਦੁਨੀਆ ਵਿੱਚ ਖੇਡਾਂ ਦੀ ਧਰਤੀ ਵਜੋਂ ਵਿਸ਼ੇਸ਼ ਪਛਾਣ ਹੈ। ਇਸ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਅਤੇ ਕੋਚਾਂ ਨਾਲ ਸਿੱਧਾ ਸੰਵਾਦ ਕਰਕੇ ਜ਼ਮੀਨੀ ਪੱਧਰ 'ਤੇ ਦਰਪੇਸ਼ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਕਰਨਾ ਹੀ ਇਸ ਦੌਰੇ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਖੇਡਾਂ ਨਾਲ ਸਬੰਧਤ ਹਰ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ 'ਤੇ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਖੇਡ ਸਹੂਲਤਾਂ ਦੇ ਹੋਰ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ (ਡੀਐਸਓ) ਨਵਜੋਤ ਧਾਲੀਵਾਲ, ਫੈਂਸਿੰਗ ਕੋਚ ਅਰਜਨ ਕੁਮਾਰ, ਬਾਸਕਟਬਾਲ ਕੋਚ ਗੁਰਮੀਤ ਸਿੰਘ, ਰਾਜ ਕੁਮਾਰ ਰਾਓ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande