
ਹੁਸ਼ਿਆਰਪੁਰ, 01 ਜੁਲਾਈ (ਹਿੰ.ਸ.)। ਅੱਜ 1 ਜੁਲਾਈ ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ 'ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਨਿੱਜੀ ਡਾਕਟਰਾਂ, ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਦੰਦਾਂ ਦੇ ਡਾਕਟਰਾਂ, ਮਾਹਿਰ ਡਾਕਟਰਾਂ, ਸਟਾਫ਼ ਨਰਸਾਂ, ਏ.ਐਨ.ਐਮ., ਮਲਟੀਪਰਪਜ਼ ਹੈਲਥ ਵਰਕਰਾਂ, ਕਮਿਊਨਿਟੀ ਹੈਲਥ ਅਫ਼ਸਰਾਂ, ਆਸ਼ਾ ਵਰਕਰਾਂ ਅਤੇ ਸਮੂਹ ਸਿਹਤ ਕਰਮਚਾਰੀਆਂ ਨੂੰ ਰਾਸ਼ਟਰੀ ਡਾਕਟਰ ਦਿਵਸ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨਾਲ ਜੁੜਿਆ ਹਰ ਕਰਮਚਾਰੀ ਲੋਕਾਂ ਦੀ ਸਿਹਤ ਸੁਰੱਖਿਆ ਦੀ ਲੜੀ ਦਾ ਅਹਿਮ ਹਿੱਸਾ ਹੈ ਅਤੇ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਹੀ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਡਾਕਟਰ ਸਮਾਜ ਦੀ ਸਿਹਤ ਦੀ ਰੱਖਿਆ ਕਰਨ ਵਾਲੇ ਅਸਲ ਕਰਮਯੋਗੀ ਹਨ, ਜੋ ਦਿਨ-ਰਾਤ ਆਪਣੇ ਫਰਜ਼ ਨੂੰ ਪੂਰੀ ਨਿਸ਼ਠਾ, ਸਮਰਪਣ ਅਤੇ ਮਨੁੱਖਤਾ ਦੀ ਭਾਵਨਾ ਨਾਲ ਨਿਭਾਉਂਦੇ ਹੋਏ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤਾਂ, ਮਹਾਂਮਾਰੀਆਂ, ਕੁਦਰਤੀ ਆਫ਼ਤਾਂ ਅਤੇ ਹੋਰ ਸਿਹਤ ਸੰਕਟਾਂ ਦੌਰਾਨ ਡਾਕਟਰਾਂ ਅਤੇ ਸਮੂਹ ਸਿਹਤ ਕਰਮਚਾਰੀਆਂ ਵੱਲੋਂ ਨਿਭਾਈ ਗਈ ਨਿਸ਼ਕਾਮ ਸੇਵਾ ਹਮੇਸ਼ਾ ਸਮਾਜ ਲਈ ਪ੍ਰੇਰਣਾ ਦਾ ਸਰੋਤ ਰਹੀ ਹੈ। ਡਾਕਟਰੀ ਸਿਰਫ਼ ਇੱਕ ਪੇਸ਼ਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਉੱਚਾ ਮਾਧਿਅਮ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਦੇਸ਼ ਦੇ ਮਹਾਨ ਚਿਕਿਤਸਕ, ਅਧਿਆਪਕ, ਸਮਾਜ ਸੇਵੀ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾ. ਬਿਧਾਨ ਚੰਦਰ ਰਾਏ ਦੀ ਜਨਮ ਅਤੇ ਬਰਸੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਡਾਕਟਰਾਂ ਦੀ ਨਿਸ਼ਕਾਮ ਸੇਵਾ, ਉਨ੍ਹਾਂ ਦੇ ਸਮਰਪਣ ਅਤੇ ਸਿਹਤ ਖੇਤਰ ਵਿੱਚ ਪਾਏ ਗਏ ਅਮੁੱਲ ਯੋਗਦਾਨ ਨੂੰ ਸਨਮਾਨ ਦੇਣ ਲਈ ਸਮਰਪਿਤ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੀ ਸਫ਼ਲਤਾ ਕੇਵਲ ਡਾਕਟਰਾਂ ਦੇ ਯਤਨਾਂ ਨਾਲ ਹੀ ਨਹੀਂ, ਸਗੋਂ ਪੂਰੀ ਸਿਹਤ ਟੀਮ ਦੇ ਸਾਂਝੇ ਸਮਰਪਣ ਨਾਲ ਸੰਭਵ ਹੁੰਦੀ ਹੈ। ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਸਟਾਫ਼ ਨਰਸਾਂ, ਪੈਰਾਮੈਡੀਕਲ ਸਟਾਫ਼, ਏ.ਐਨ.ਐਮ., ਮਲਟੀਪਰਪਜ਼ ਹੈਲਥ ਵਰਕਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਆਸ਼ਾ ਵਰਕਰਾਂ ਦੀ ਮਿਹਨਤ ਅਤੇ ਸੇਵਾ ਭਾਵਨਾ ਸਦਕਾ ਹੀ ਸਿਹਤ ਵਿਭਾਗ ਲੋਕਾਂ ਤੱਕ ਪ੍ਰਭਾਵਸ਼ਾਲੀ ਸੇਵਾਵਾਂ ਪਹੁੰਚਾ ਰਿਹਾ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੇ ਹੋਏ ਲੋਕਾਂ ਤੱਕ ਗੁਣਵੱਤਾ ਭਰੀਆਂ, ਸਮੇਂ ਸਿਰ ਅਤੇ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਪਹੁੰਚਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਹਰ ਮਰੀਜ਼ ਨਾਲ ਹਮਦਰਦੀ, ਸੰਵੇਦਨਸ਼ੀਲਤਾ ਅਤੇ ਸਤਿਕਾਰ ਨਾਲ ਪੇਸ਼ ਆਉਣਾ ਸਿਹਤ ਸੇਵਾਵਾਂ ਦੀ ਮੂਲ ਭਾਵਨਾ ਹੈ ਅਤੇ ਹਰ ਸਿਹਤ ਕਰਮਚਾਰੀ ਨੂੰ ਇਸ ਪ੍ਰਤੀ ਹਮੇਸ਼ਾ ਵਚਨਬੱਧ ਰਹਿਣਾ ਚਾਹੀਦਾ ਹੈ।
ਡਾ. ਮਨਦੀਪ ਕਮਲ ਨੇ ਜ਼ਿਲ੍ਹੇ ਦੇ ਸਮੂਹ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਰਾਸ਼ਟਰੀ ਡਾਕਟਰ ਦਿਵਸ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ, ਸੁਖਮਈ ਜੀਵਨ ਅਤੇ ਨਿਰੰਤਰ ਸੇਵਾ ਭਾਵਨਾ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹੁਸ਼ਿਆਰਪੁਰ ਲੋਕਾਂ ਨੂੰ ਗੁਣਵੱਤਾ ਭਰੀਆਂ, ਪਾਰਦਰਸ਼ੀ, ਸੰਵੇਦਨਸ਼ੀਲ ਅਤੇ ਲੋਕ-ਕੇਂਦਰਿਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਰਹੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ